ਹੁਣ ਮੁੱਕ ਜਾਏਗਾ ਪਰਾਲੀ ਸਾੜਨ ਦਾ ਝੰਜਟ, ਬਿਜਲੀ ਦੇ ਨਾਲ-ਨਾਲ ਹੋਏਗੀ ਕਮਾਈ

December 14 2019

ਪੰਜਾਬ ਸਰਕਾਰ ਤੇ ਕਿਸਾਨਾਂ ਲਈ ਮੁਸੀਬਤ ਬਣੀ ਪਰਾਲੀ ਤੋਂ ਹੁਣ ਬਿਜਲੀ ਪੈਦਾ ਹੋਏਗੀ। ਇਸ ਨਾਲ ਜਿੱਥੇ ਕਿਸਾਨਾਂ ਨੂੰ ਲਾਹਾ ਹੋਏਗਾ, ਉੱਥੇ ਹੀ ਆਮ ਲੋਕਾਂ ਨੂੰ ਸਸਤੀ ਬਿਜਲੀ ਮਿਲੇਗੀ। ਆਈਆਈਟੀ ਮਦਰਾਸ ਨੇ ਪ੍ਰਾਈਵੇਟ ਕੰਪਨੀ ਨਾਲ ਰਲ ਕੇ ਬਿਜਲੀ ਉਤਪਾਦਨ ਲਈ ਤਕਨੀਕ ਵਿਕਸਤ ਕਰਨ ਦੀ ਯੋਜਨਾ ਉਲੀਕੀ ਹੈ। ਪੰਜਾਬ ਤੇ ਹਰਿਆਣਾ ਸਾਲਾਨਾ 35 ਮਿਲੀਅਨ ਟਨ ਪਰਾਲੀ ਪੈਦਾ ਕਰਦੇ ਹਨ।

ਦੱਸ ਦਈਏ ਕਿ ਸਰਕਾਰ ਤੇ ਕਿਸਾਨਾਂ ਲਈ ਸਭ ਤੋਂ ਵੱਡੀ ਸਿਰਦਰਦੀ ਪਰਾਲੀ ਹੀ ਬਣੀ ਹੋਈ ਹੈ। ਸੁਪਰੀਮ ਕੋਰਟ ਦੀ ਤਾੜਨਾ ਮਗਰੋਂ ਸਰਕਾਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਪਰਚੇ ਰਦਜ ਕੀਤੇ ਹਨ। ਹੁਣ ਕਿਸਾਨ ਇਹ ਪਰਚੇ ਰੱਦ ਕਰਵਾਉਣ ਲਈ ਧਰਨੇ ਲਾ ਰਹੇ ਹਨ। ਉਂਝ ਪਰਾਲੀ ਦੇ ਖਾਤਮੇ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਸਬਸਿਡੀ ’ਤੇ ਹੈੱਪੀ ਸੀਡਰ ਵੀ ਮੁਹੱਈਆ ਕਰਾਉਂਦੀ ਹੈ, ਪਰ ਇਹ ਬਦਲ ਕਾਮਯਾਬ ਨਹੀਂ ਹੋ ਸਕਿਆ। ਇਸ ਦਾ ਵੱਡਾ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਝੋਨੇ ਦੀ ਪਰਾਲੀ ਤੁਰੰਤ ਖੇਤਾਂ ’ਚੋਂ ਕੱਢਣੀ ਹੁੰਦੀ ਹੈ।

ਇਸ ਬਾਰੇ ਸੁਖਬੀਰ ਐਗਰੋ ਐਨਰਜੀ ਲਿਮਟਿਡ ਦੇ ਐਮਡੀ ਜਸਬੀਰ ਸਿੰਘ ਆਵਲਾ ਨੇ ਦੱਸਿਆ ਕਿ ਆਈਆਈਟੀ ਮਦਰਾਸ ਨਾਲ ਟੈਕਨਾਲੋਜੀ ਵਿਕਾਸ ਲਈ ਹੱਥ ਮਿਲਾਉਣ ਦਾ ਵੱਡਾ ਕਾਰਨ ਇਹ ਹੈ ਕਿ ਉਹ ਵਿਦੇਸ਼ ਤੋਂ ਤਕਨੀਕ ਤਾਂ ਲੈ ਰਹੇ ਹਨ, ਪਰ ਭਾਰਤੀ ਜ਼ਮੀਨ, ਵਾਤਾਵਰਨ ਤੇ ਹਾਲਾਤ ਮੁਤਾਬਕ ਤੇ ਖੋਜ ਕਰਨ ਲਈ ਆਈਆਈਟੀ ਮਦਰਾਸ ਨਾਲੋਂ ਵਧੀਆ ਕੋਈ ਨਹੀਂ। ਆਈਆਈਟੀ ਮਦਰਾਸ ਦੇ ਨੈਸ਼ਨਲ ਸੈਂਟਰ ਫਾਰ ਕਾਬਸ਼ਨ ਰਿਸਰਚ ਐਂਡ ਡਿਵੈਲਪਮੈਂਟ ਨਾਲ ਉਨ੍ਹਾਂ ਨੇ ਇਸ ਮੁੱਦੇ ’ਤੇ ਗੱਲਬਾਤ ਕੀਤੀ ਤਾਂ ਉਹ ਰਿਸਰਚ ਤੇ ਡਿਵੈਲਪਮੈਂਟ ਸਰਗਰਮੀਆਂ ’ਚ ਸ਼ਾਮਲ ਹੋਣ ਲਈ ਤਿਆਰ ਹੋ ਗਏ ਹਨ।

ਸੁਖਬੀਰ ਐਗਰੋ ਐਨਰਜੀ ਲਿਮਟਿਡ ਨਾ ਸਿਰਫ ਫਿਰੋਜ਼ਪੁਰ ’ਚ 20-25 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਹੋਣ ਵਾਲੇ ਆਪਣੇ ਸੈਂਟਰ ’ਚ ਪੰਜਾਬ-ਹਰਿਆਣਾ ਦੀ ਝੋਨੇ ਦੀ ਪੈਦਾਵਾਰ ਵਾਲੀ ਜ਼ਮੀਨ ਦੀ ਮੌਸਮ ਤੇ ਵਾਤਾਵਰਨ ਮੁਤਾਬਕ ਰਿਸਰਚ ਕਰੇਗੀ, ਸਗੋਂ ਉਸ ਨੂੰ ਅੱਗੇ ਖੋਜ ਲਈ ਇਹ ਡਾਟਾ ਆਈਆਈਟੀ ਮਦਰਾਸ ਨੂੰ ਵੀ ਮੁਹੱਈਆ ਕਰਾਏਗੀ। ਐਨਸੀਸੀਆਰਡੀ ਦੇ ਇੰਚਾਰਜ ਪ੍ਰੋ. ਸਤਿਆ ਨਰਾਇਣ ਚੱਕਰਵਰਤੀ ਨੇ ਕਿਹਾ ਕਿ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਆਈਆਈਟੀ ਮਦਰਾਸ ’ਚ ਟਰਾਈਲ ਕੀਤੇ ਜਾਣਗੇ ਤੇ ਨਾਲ ਹੀ ਪੰਜਾਬ ’ਚ ਟੈਕਨਾਲੋਜੀ ਡਿਵੈਲਪਮੈਂਟ ਸੈਂਟਰ ’ਚ ਬੁਆਇਲਰ ਦਾ ਪ੍ਰੋਟੋਟਾਇਪ ਤਿਆਰ ਕੀਤਾ ਜਾਏਗਾ।

ਸੁਖਬੀਰ ਐਗਰੋ ਵੱਲੋਂ ਇਸ ਪ੍ਰੋਜੈਕਟ ਲਈ ਫੰਡ ਮੁਹੱਈਆ ਕਰਵਾਏ ਜਾਣਗੇ, ਜਿਸ ਦੀ ਮਦਦ ਨਾਲ ਆਈਆਈਟੀ ਮਦਰਾਸ ਸਾਰੇ ਤਕਨੀਕੀ ਨੁਕਤਿਆਂ ’ਤੇ ਕੰਮ ਕਰੇਗੀ, ਜਿਸ ’ਚ ਪ੍ਰੋਟੋਟਾਈਪ ਬੁਆਇਲਰਜ਼ ਦੇ ਡਿਜ਼ਾਈਨ ਤੋਂ ਲੈ ਕੇ ਮੌਜੂਦਾ ਬੁਆਇਲਰਜ਼ ਨੂੰ ਅਪਗਰੇਡ ਕੀਤਾ ਜਾਏਗਾ, ਉਥੇ ਹੀ ਸੁਖਬੀਰ ਐਗਰੋ ਦੀ ਟੀਮ ਬੁਆਇਲਰਜ਼ ਦੇ ਅਪਰੇਸ਼ਨ ਤੋਂ ਹਾਸਲ ਤਕਨੀਕੀ ਡੇਟਾ ਨੂੰ ਆਈਆਈਟੀ ਮਦਰਾਸ ਨੂੰ ਮੁਹੱਈਆ ਕਰਵਾਏਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ