ਹੁਣ ਦੁੱਧ ਨੇ ਉਡਾਈ ਸਰਕਾਰ ਦੀ ਨੀਂਦ, ਪ੍ਰਾਈਵੇਟ ਤੇ ਸਹਿਕਾਰੀ ਡੇਅਰੀਆਂ ਦੀ ਬੁਲਾਈ ਹੰਗਾਮੀ ਮੀਟਿੰਗ

January 03 2020

ਦੇਸ਼ ਵਿੱਚ ਦੁੱਧ ਦੀਆਂ ਵਧਦੀਆਂ ਕੀਮਤਾਂ ਪ੍ਰਤੀ ਫਿਕਰਮੰਦ ਕੇਂਦਰ ਸਰਕਾਰ ਦੇ ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਨੇ ਦੁੱਧ ਦੇ ਉਤਪਾਦਨ, ਉਪਲਬਧਤਾ ਤੇ ਵੱਧ ਰਹੀਆਂ ਕੀਮਤਾਂ ਦਾ ਜਾਇਜ਼ਾ ਲੈਣ ਲਈ 3 ਜਨਵਰੀ ਨੂੰ ਸਮੂਹ ਪ੍ਰਾਈਵੇਟ ਤੇ ਸਹਿਕਾਰੀ ਖੇਤਰ ਦੀਆਂ ਡੇਅਰੀਆਂ ਦੀ ਮੀਟਿੰਗ ਸੱਦੀ ਹੈ। ਹਾਲ ਹੀ ਵਿੱਚ ਸਹਿਕਾਰੀ ਸੈਕਟਰ ਦੀਆਂ ਡੇਅਰੀਆਂ ਨੇ ਦੁੱਧ ਦੀ ਕੀਮਤ ਵਿੱਚ ਤਿੰਨ ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਹੈ। ਪਿਛਲੇ ਸੱਤ ਮਹੀਨਿਆਂ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਇਹ ਦੂਜਾ ਵਾਧਾ ਹੈ।

ਭਾਰਤ ਸਾਲਾਨਾ 185 ਮਿਲੀਅਨ ਟਨ ਦੁੱਧ ਦੇ ਉਤਪਾਦਨ ਨਾਲ ਵਿਸ਼ਵ ਵਿੱਚ ਪਹਿਲੇ ਸਥਾਨ ਤੇ ਹੈ। ਜੇ ਅਸੀਂ ਦੁੱਧ ਸਮੇਤ ਪਸ਼ੂ ਪਾਲਣ ਦੀ ਕੁੱਲ ਆਮਦਨੀ ਦਾ ਅੰਦਾਜ਼ਾ ਲਾਈਏ ਤਾਂ 28 ਲੱਖ ਕਰੋੜ ਰੁਪਏ ਦੀ ਖੇਤੀਬਾੜੀ ਜੀਡੀਪੀ ਵਿੱਚ ਦੁੱਧ ਤੇ ਪਸ਼ੂ ਪਾਲਣ ਸੈਕਟਰ ਦਾ ਹਿੱਸਾ ਲਗਪਗ 30 ਪ੍ਰਤੀਸ਼ਤ ਹੈ।

ਪਿਛਲੇ ਪੰਜ ਸਾਲਾਂ ਵਿੱਚ, ਕਿਸਾਨਾਂ ਨੂੰ ਦੁੱਧ ਦੀਆਂ ਸਹੀ ਕੀਮਤਾਂ ਨਹੀਂ ਮਿਲੀਆਂ। ਇਸ ਦੇ ਉਲਟ, ਵੱਧ ਰਹੀ ਮਹਿੰਗਾਈ ਤੇ ਲਾਗਤ ਕਾਰਨ ਦੁੱਧ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ।

-ਇਸ ਕਾਰਨ ਕਰਕੇ, ਸਭ ਤੋਂ ਪਹਿਲਾਂ, ਕਿਸਾਨਾਂ ਨੇ ਪਸ਼ੂਆਂ ਦੀ ਗਿਣਤੀ ਘਟਾ ਦਿੱਤੀ।

-ਦੂਜਾ, ਦੁੱਧ ਉਤਪਾਦਨ ਦੀ ਵੱਧ ਰਹੀ ਕੀਮਤ ਦੇ ਮੱਦੇਨਜ਼ਰ, ਕਿਸਾਨ ਪਸ਼ੂਆਂ ਨੂੰ ਸਹੀ ਪੌਸ਼ਟਿਕ ਭੋਜਨ ਨਹੀਂ ਦੇ ਸਕੇ। ਦੁੱਧ ਦੇ ਉਤਪਾਦਨ ਵਿੱਚ ਹੋਏ ਨੁਕਸਾਨ ਕਾਰਨ, ਬਿਮਾਰ ਪਸ਼ੂਆਂ ਦੇ ਇਲਾਜ ਤੇ ਦੇਖਭਾਲ ਤੇ ਖਰਚਿਆਂ ਨੂੰ ਵੀ ਘੱਟ ਕਰਨਾ ਪਿਆ।

-ਤੀਜਾ, ਪਿਛਲੇ ਪੰਜ ਸਾਲਾਂ ਵਿੱਚ ਪੇਂਡੂ ਖੇਤਰਾਂ ਵਿੱਚ ਬੇਸਹਾਰਾ ਪਸ਼ੂਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਇਸ ਸਮੇਂ ਲਗਪਗ 1 ਕਰੋੜ ਬੇਸਹਾਰਾ ਪਸ਼ੂ ਹਨ।

-ਚੌਥਾ, ਪਿਛਲੇ ਕੁਝ ਸਾਲਾਂ ਵਿੱਚ, ਪਸ਼ੂਆਂ ਦੇ ਭੋਜਨ ਜਿਵੇਂ ਖਲ, ਚੂਰੀ, ਛਿਲਕਾ ਆਦਿ ਦੀਆਂ ਕੀਮਤਾਂ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਇਸ ਕਾਰਨ ਦੁੱਧ ਉਤਪਾਦਨ ਦੀ ਲਾਗਤ ਵਿੱਚ ਕਾਫ਼ੀ ਵਾਧਾ ਹੋਇਆ ਹੈ।

-ਪੰਜਵਾਂ, ਇਸ ਸਾਲ ਦੇਰੀ ਨਾਲ ਆਇਆ ਮਾਨਸੂਨ ਕਈ ਰਾਜਾਂ ਵਿੱਚ ਸੋਕੇ ਦਾ ਕਾਰਨ ਬਣਿਆ। ਇਸ ਤੋਂ ਬਾਅਦ ਬਹੁਤ ਜ਼ਿਆਦਾ ਮੀਂਹ ਤੇ ਹੜ੍ਹ ਆ ਗਏ। ਇਸ ਨਾਲ ਚਾਰੇ ਦੀ ਉਪਲਬਧਤਾ ਵੀ ਘਟੀ ਹੈ।

-ਛੇਵਾਂ, ਸਾਲ 2019-20 ਵਿੱਚ ਪਸ਼ੂ ਪਾਲਣ ਤੇ ਡੇਅਰੀ ਦੇ ਕੰਮਾਂ ਲਈ ਬਜਟ ਪਿਛਲੇ ਸਾਲ ਦੇ 3,273 ਕਰੋੜ ਰੁਪਏ ਤੋਂ ਘਟਾ ਕੇ ਇਸ ਸਾਲ 2,932 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਦੁੱਧ ਉਤਪਾਦਨ ਦੇ ਬਜਟ ਨੂੰ ਘਟਾਉਣਾ ਉਚਿਤ ਨਹੀਂ ਹੈ।

ਸੱਤਵਾਂ, ਅਕਤੂਬਰ ਤੋਂ ਮਾਰਚ ਦੇ ਵਿਚਕਾਰ ਦਾ ਸਮਾਂ ਦੁੱਧ ਦੇ ਵੱਧ ਉਤਪਾਦਨ ਦਾ ਮੌਸਮ ਹੈ ਜਿਸ ਦੌਰਾਨ ਦੁੱਧ ਦੀਆਂ ਕੀਮਤਾਂ ਘੱਟ ਵਧਦੀਆਂ ਹਨ। ਗਰਮੀਆਂ ਵਿੱਚ, ਦੁੱਧ ਦਾ ਉਤਪਾਦਨ ਘੱਟ ਜਾਂਦਾ ਹੈ ਤੇ ਕੀਮਤਾਂ ਵਧਦੀਆਂ ਹਨ। ਇਸ ਵਾਰ ਸਰਦੀਆਂ ਵਿੱਚ ਕੀਮਤਾਂ ਵਧਣ ਕਾਰਨ ਡੇਅਰੀਆਂ ਦੀ ਦੁੱਧ ਖਰੀਦ ਵਿੱਚ ਗਿਰਾਵਟ ਇੱਕ ਚੰਗਾ ਸੰਕੇਤ ਨਹੀਂ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ