ਹਰੀਕੇ ਝੀਲ ਚ ਮਹਿਮਾਨ ਪੰਛੀਆਂ ਦਾ ਲੱਗਾ ਮੇਲਾ

December 24 2019

ਸਤਲੁਜ ਦਰਿਆਵਾਂ ਦਾ ਸੰਗਮ ਵਿਸ਼ਵ ਪ੍ਰਸਿੱਧ ਹਰੀਕੇ ਝੀਲ ਜੋ ਪ੍ਰਵਾਸੀ ਪੰਛੀਆਂ ਦੇ ਸਵਰਗ ਵਜੋਂ ਜਾਣੀ ਜਾਂਦੀ ਹੈ, ਚ ਮਹਿਮਾਨ ਬਣ ਕੇ ਆਉਂਦੇ ਪ੍ਰਵਾਸੀ ਪੰਛੀ ਝੀਲ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਗਾਉਂਦੇ ਹਨ। ਰੰਗ-ਬਿਰੰਗੇ ਪੰਛੀਆਂ ਦੀਆਂ ਡਾਰਾਂ ਜਦ ਪਾਣੀ ਵਿਚ ਕਲੋਲਾਂ ਕਰਦੀਆਂ ਹਨ ਤਾਂ ਉਹ ਅਦਭੁੱਤ ਨਜ਼ਾਰਾ ਦੇਖਣਯੋਗ ਹੁੰਦਾ ਹੈ। ਸਰਦ ਰੁੱਤ ਸ਼ੁਰੂ ਹੁੰਦਿਆਂ ਹੀ ਇਹ ਮਹਿਮਾਨ ਪੰਛੀ ਹਜ਼ਾਰਾਂ ਕਿੱਲੋਮੀਟਰਾਂ ਦਾ ਸਫਰ ਤੈਅ ਕਰਕੇ ਯੂਰਪ ਦੇਸ਼ਾਂ ਤੋਂ ਪ੍ਰਵਾਸ ਕਰਕੇ ਇਥੇ ਆਉਂਦੇ ਹਨ। ਸਰਦੀ ਵੱਧਣ ਦੇ ਨਾਲ-ਨਾਲ ਇਨ੍ਹਾਂ ਪੰਛੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਤੇ ਇਸ ਸਮੇਂ ਹਰੀਕੇ ਝੀਲ ਤੇ ਪ੍ਰਵਾਸੀ ਪੰਛੀਆਂ ਦਾ ਮੇਲਾ ਲੱਗਾ ਹੋਇਆ ਹੈ। ਜੰਗਲੀ ਜੀਵ ਤੇ ਵਣ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਝੀਲ ਤੇ ਲਗਪਗ 1 ਲੱਖ ਪ੍ਰਵਾਸੀ ਪੰਛੀ ਪਹੁੰਚ ਚੁੱਕੇ ਹਨ, ਜਿਨ੍ਹਾਂ ਚ ਕੂਟ, ਬਾਰ ਹੈਡਿਡ ਗੀਜ, ਰਕੇ-ਲੰਗ ਗੀਜ, ਰੂਡੀ ਸ਼ੈਲਡੱਕ, ਸਾਈਬੇਰੀਅਨ ਗਲਜ, ਰੈਡ ਕਰਸਟਡ ਪੋਚਡ, ਟਫ-ਟਫ ਪੋਚਡ, ਕੋਮਨ ਪੋਚਡ, ਪਿਨਟੇਲ ਆਦਿ ਕਿਸਮਾਂ ਦੇ ਮਹਿਮਾਨ ਪੰਛੀ ਝੀਲ ਦੇ ਵੱਖ-ਵੱਖ ਖੇਤਰਾਂ ਵਿਚ ਅਠਖੇਲੀਆਂ ਕਰਦੇ ਦਿਖਾਈ ਦੇ ਰਹੇ ਹਨ। ਜਦ ਹਰੀਕੇ ਝੀਲ ਦਾ ਦੌਰਾ ਕੀਤਾ ਗਿਆ ਤਾਂ ਝੀਲ ਦੇ ਖੈਤਾਨ ਏਰੀਏ ਵਿਚ ਕੂਟ ਅਤੇ ਗੀਜ਼ ਹਜ਼ਾਰਾਂ ਦੀ ਤਾਦਾਦ ਵਿਚ ਠੰਡੇ ਮੌਸਮ ਦਾ ਅਨੰਦ ਲੈ ਰਹੇ ਸਨ। ਇਸ ਤੋਂ ਇਲਾਵਾ ਸਤਲੁਜ ਦਰਿਆ ਵਿਚ ਲਾਰਜ ਕਾਰਮੋਰੈਟ ਅਤੇ ਬਾਰ ਹੈਡਿਡ ਗੀਜ਼ ਭਾਰੀ ਗਿਣਤੀ ਵਿਚ ਦਿਖਾਈ ਦਿੱਤੇ। ਡਬਲਿਊ-ਡਬਲਿਊ. ਐੱਫ. ਦੀ ਸੀਨੀਅਰ ਪ੍ਰਾਜੈੈਕਟ ਅਫਸਰ ਮੈਡਮ ਗੀਤਾਂਜਲੀ ਕੰਵਰ ਨਾਲ ਨੇ ਕਿਹਾ ਕਿ 17-18 ਜਨਵਰੀ ਨੂੰ ਦੋ ਦਿਨਾਂ ਵਿਚ ਪ੍ਰਵਾਸੀ ਪੰਛੀਆਂ ਦੀ ਗਿਣਤੀ ਦਾ ਕੰਮ ਪੂਰਾ ਕੀਤਾ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਇਸ ਸਾਲ ਜਿਥੇ ਹੋਰ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀ ਝੀਲ ਤੇ ਦੇਖੇ ਗਏ ਹਨ, ਉਥੇ ਹੀ ਯੂਰਪ ਦਾ ਪੰਛੀ ਕੋਮਨ ਮਾਰਗੇਂਜਰ ਵੀ ਦੇਖਿਆ ਗਿਆ ਹੈ। ਇਸ ਸਬੰਧੀ ਜਦ ਵਿਭਾਗ ਦੀ ਡੀ.ਐੱਫ.ਓ. ਮੈਡਮ ਕਲਪਨਾ ਕੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਛੀਆਂ ਦੀ ਆਮਦ ਨੂੰ ਲੈ ਕੇ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ