ਹਰਿਆਣਾ ਦੀ ਮੱਝ ਨੇ ਬਣਾਇਆ ਦੁੱਧ ਦੇਣ ਚ ਵਿਸ਼ਵ ਰਿਕਾਰਡ

December 11 2019

ਹਰਿਆਣੇ ਦੇ ਇੱਕ ਕਿਸਾਨ ਦੀ ਮੱਝ ਨੇ 24 ਘੰਟੇ ਵਿੱਚ 32.66 ਕਿੱਲੋ ਦੁੱਧ ਦੇ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਮੱਝ ਨੇ ਪਾਕਿਸਤਾਨ ਦੀ ਇੱਕ ਮੱਝ ਦਾ 32.15 ਕਿੱਲੋ ਦਾ ਰਿਕਾਰਡ ਤੋੜਦੇ ਹੋਏ ਇੱਕ ਲੱਖ ਰੁਪਏ ਦਾ ਇਨਾਮ ਵੀ ਜਿੱਤਿਆ ਹੈ। ਇਹ ਮੁਕਾਬਲੇ ਜਗਰਾਓਂ ਦੀ ਪਸ਼ੂ ਮੰਡੀ ਵਿੱਚ ਚੱਲ ਰਹੇ ਪ੍ਰੋਗਰੈਸਿਵ ਡੇਅਰੀ ਫਾਰਮਿੰਗ ਐਸੋਸੀਏਸ਼ਨ ਦੇ ਕਿਸਾਨ ਮੇਲੇ ਵਿੱਚ ਹੋਏ। ਮੇਲੇ ਦੇ ਅੱਜ ਤੀਜੇ ਦਿਨ ਪੰਜਾਬ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਪਹੁੰਚੇ।

ਤਿੰਨ ਦਿਨਾਂ ਕਿਸਾਨ ਮੇਲੇ ਵਿੱਚ ਜਿੱਥੇ 300 ਤੋਂ ਵੀ ਵੱਧ ਕੰਪਨੀਆਂ ਨੇ ਕਿਸਾਨਾਂ ਨੂੰ ਜ਼ਿਆਦਾ ਮੁਨਾਫ਼ਾ ਕਮਾਉਣ ਲਈ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ, ਉੱਥੇ ਹੀ ਲੱਖਾਂ ਦੀ ਕੀਮਤ ਵਾਲੇ ਪਸ਼ੂ ਵੀ ਇਸ ਮੇਲੇ ਦਾ ਆਕਰਸ਼ਣ ਬਣੇ ਰਹੇ। ਪ੍ਰੋਗਰੈਸਿਵ ਡੇਅਰੀ ਫਾਰਮਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਰਦਪੁਰਾ ਨੇ ਦੱਸਿਆ ਕਿ ਐਸੋਸੀਏਸ਼ਨ ਪਿਛਲੇ 13 ਸਾਲਾਂ ਤੋਂ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਦਾ ਕਿੱਤਾ ਅਪਨਾਉਣ ਲਈ ਪ੍ਰੇਰਿਤ ਕਰ ਰਹੀ ਹੈ ਤੇ ਚਿੱਟੀ ਕ੍ਰਾਂਤੀ ਲਿਆਉਣ ਦਾ ਯਤਨ ਕਰ ਰਹੀ ਹੈ।

ਇਸ ਮੌਕੇ ਪੰਜਾਬ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਤੇ ਦੂਜੇ ਰਾਜਾਂ ਵਿੱਚੋਂ ਪਸ਼ੂਆਂ ਦੀ ਢੋਆ-ਢੁਹਾਈ ਲਈ ਸਰਟੀਫਿਕੇਟ ਡੀ ਸੀ ਦੀ ਬਜਾਏ ਵੈਟਨਰੀ ਅਫਸਰਾਂ ਵੱਲੋਂ ਦਿੱਤਾ ਜਾਵੇਗਾ। ਇਸ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਕਾਫੀ ਮੁਸ਼ਕਲਾਂ ਹੱਲ ਹੋ ਜਾਣਗੀਆਂ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ