ਸੂਬੇ ਦੇ ਕਿਸਾਨਾਂ ਨੂੰ 13 ਜੂਨ ਤੋਂ ਮਿਲੇਗੀ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ

May 24 2019

ਆਉਣ ਵਾਲੇ ਝੋਨੇ ਦੇ ਸੀਜ਼ਨ ਬਾਰੇ ਪਾਵਰਕੌਮ ਵੱਲੋਂ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਤੋਂ ਕਿਸਾਨ ਜੱਥੇਬੰਦੀਆਂ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਤੋਂ ਝੋਨੇ ਦੇ ਸੀਜ਼ਨ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਝਾਅ ਤੇ ਮੁਸ਼ਕਲਾਂ ਬਾਰੇ ਜਾਣਕਾਰੀ ਲੈਣ ਹਿਤ ਲੰਘੇ ਤਿੰਨ ਦਿਨ ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਇੰਜ. ਬਲਦੇਵ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਵੱਖ-ਵੱਖ ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ| ਇਸ ਦੌਰਾਨ ਪਾਵਰਕੌਮ ਨੇ ਭਰੋਸਾ ਦਿਵਾਇਆ ਕਿ 13 ਜੂਨ ਤੋਂ ਪੈਡੀ ਸੀਜ਼ਨ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ|

ਇਨ੍ਹਾਂ ਮੀਟਿੰਗਾਂ ਵਿਚ ਆਰ.ਪੀ.ਪਾਂਡਵ ਡਾਇਰੈਕਟਰ/ਪ੍ਰਬੰਧਕੀ, ਇੰਜ. ਓ.ਪੀ.ਗਰਗ ਡਾਇਰੈਕਟਰ/ਵਣਜ, ਇੰਜ.ਐਨ.ਕੇ.ਸ਼ਰਮਾ ਡਾਇਰੈਕਟਰ/ਵੰਡ ਤੋਂ ਇਲਾਵਾ ਪੀਐਸਪੀਸੀਐਲ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਮੀਟਿੰਗਾਂ ਵਿਚ ਬੀ.ਕੇ.ਯੂ. ( ਭੁਪਿੰਦਰ ਸਿੰਘ ਮਾਨ), ਭਾਰਤੀ ਕਿਸਾਨ ਯੂਨੀਅਨ (ਹਰਮੀਤ ਸਿੰਘ ਕਾਦੀਆਂ), ਬੀ.ਕੇ.ਯੂ. ਏਕਤਾ (ਜਗਜੀਤ ਸਿੰਘ ਸਿੱਧੂਪੁਰ), ਬੀ.ਕੇ.ਯੂ. ਏਕਤਾ (ਜਗਮੋਹਨ ਸਿੰਘ ਡਕੌਂਦਾ), ਬੀ.ਕੇ.ਯੂ. (ਲੱਖੋਵਾਲ), ਕਿਸਾਨ ਸੰਘਰਸ਼ ਕਮੇਟੀ (ਜੁਗਿੰਦਰ ਸਿੰਘ ਉਗਰਾਹਾਂ), ਭਾਰਤੀ ਕਿਸਾਨ ਮੰਚ (ਬੂਟਾ ਸਿੰਘ ਸ਼ਾਦੀਪੁਰ), ਆਲ ਇੰਡੀਆ ਕਿਸਾਨ ਸਭਾ (ਸ੍ਰੀ ਸੁਖਵਿੰਦਰ ਸਿੰਘ ਸੇਖੋਂ) ਕਿਸਾਨ ਸੰਘਰਸ਼ ਕਮੇਟੀ (ਸ੍ਰੀ ਸਤਨਾਮ ਸਿੰਘ ਪੰਨੂ) ਕਿਸਾਨ ਜੱਥੇਬੰਦੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ।

ਵੱਖ-ਵੱਖ ਕਿਸਾਨ ਜੱਥੇਬੰਦੀਆਂ ਨੇ ਸੀਐਮਡੀ ਸਾਹਿਬ ਨੂੰ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਤੇ ਸੁਝਾਅ ਦਿੱਤੇ। ਪਾਵਰਕੌਮ ਦੇ ਸੀਐਮਡੀ ਇੰਜ. ਬਲਦੇਵ ਸਿੰਘ ਸਰਾਂ ਨੇ ਕਿਸਾਨ ਜੱਥੇਬੰਦੀਆਂ ਨੂੰ ਮੰਗਾਂ ਮੰਨਣ ਦਾ ਯਕੀਨ ਦਿਵਾਇਆ ਅਤੇ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਇਸ ਮੌਕੇ ਭਰੋਸਾ ਦਿੱਤਾ ਕਿ 13 ਜੂਨ ਤੋਂ ਪੈਡੀ ਸੀਜ਼ਨ ਦੌਰਾਨ ਰੋਜ਼ਾਨਾ 8 ਘੰਟੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣੀ ਯਕੀਨੀ ਬਣਾਈ ਜਾਵੇਗੀ| ਉਨ੍ਹਾਂ ਨੇ ਢਿੱਲੀਆਂ ਤਾਰਾਂ ਅਤੇ ਟੁੱਟੇ ਪੋਲਾਂ ਨੂੰ ਤੁਰੰਤ ਬਦਲਣ/ਠੀਕ ਕਰਨ ਦੇ ਨਿਰਦੇਸ਼ ਵੀ ਸਬੰਧਤ ਅਧਿਕਾਰੀਆਂ ਨੂੰ ਦਿੱਤੇ| ਇਸ ਤੋਂ ਇਲਾਵਾ ਕਿਸਾਨਾਂ ਨੂੰ ਪਾਣੀ ਬਚਾਓ-ਪੈਸੇ ਕਮਾਓ ਸਕੀਮ ਵਿੱਚ ਵੱਧ-ਚੜ੍ਹ ਦੇ ਹਿੱਸਾ ਪਾਉਣ ਲਈ ਕਿਹਾ ਗਿਆ| ਬਿਜਲੀ ਸਿਸਟਮ ਦੇ ਸਹੀ ਸੰਚਾਲਣ ਅਤੇ ਵੋਲਟੇਜ/ਓਵਰਲੋਡਿੰਗ ਦੀ ਸਮੱਸਿਆ ਦੇ ਪੂਰਨ ਹੱਲ ਵਾਸਤੇ ਕਿਸਾਨਾਂ ਨੂੰ ਆਪਣੇ ਟਿਊਬਵੈੱਲ ਕੁਨੈਕਸ਼ਨਾਂ ਉਪਰ ਢੁੱਕਵੀਂ ਸਮਰਥਾ ਦੇ ਉਪਕਰਨ ਲਗਾਉਣ ਲਈ ਵੀ ਪ੍ਰੇਰਿਤ ਕੀਤਾ|

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ