ਸਾਲ ਭਰ ਖਰਾਬ ਨਹੀਂ ਹੋਏਗਾ ਇਹ ਸੇਬ, ਜਾਣੋ ਖਾਸੀਅਤ

December 03 2019

ਫਲਾਂ ਤੇ ਸਬਜ਼ੀਆਂ ਨੂੰ ਜੇ ਸਹੀ ਤਰੀਕੇ ਨਾਲ ਸਟੋਰ ਕੀਤਾ ਜਾਏ ਤਾਂ ਉਹ ਜ਼ਿਆਦਾ ਦੇਰ ਤਕ ਸਹੀ ਰਹਿ ਸਕਦੇ ਹਨ। ਇਨ੍ਹਾਂ ਨੂੰ ਫਰਿੱਜ ਵਿੱਚ ਰੱਖਣਾ ਸਭ ਤੋਂ ਵਧੀਆ ਤਰੀਕਾ ਹੈ। ਇਨ੍ਹਾਂ ਨੂੰ ਰੈਫ੍ਰਿਜਰੇਟਰ ਅੰਦਰ ਏਅਰਟਾਈਟ ਕੰਟੇਨਰਾਂ ਵਿੱਚ ਨਾ ਰੱਖੋ ਜਾਂ ਗਿੱਲੀਆਂ ਥਾਵਾਂ ਤੇ ਨਾ ਸਟੋਰ ਕਰੋ। ਜੇ ਫਲ ਸਹੀ ਢੰਗ ਨਾਲ ਨਾ ਰੱਖੇ ਜਾਣ ਤਾਂ ਉਹ ਜਲਦੀ ਸੜ ਜਾਣਗੇ। ਤੁਸੀਂ ਜ਼ਿਆਦਾਤਰ ਫਲਾਂ ਤੇ ਸਬਜ਼ੀਆਂ ਨੂੰ 30-40 ਡਿਗਰੀ ਫਾਰਨਹੀਟ ਤੇ ਕੁਝ ਦਿਨਾਂ ਲਈ ਸਟੋਰ ਕਰ ਸਕਦੇ ਹੋ।

ਅਮਰੀਕਾ ਵਿੱਚ ਸੇਬ ਦੀ ਇੱਕ ਪ੍ਰਜਾਤੀ ਨੂੰ ਇਸ ਦੇ ਬਿਨਾਂ ਖਰਾਬ ਹੋਏ ਪੂਰੇ ਸਾਲ ਭਰ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਇਸ ਨਵੀਂ ਕਿਸਮ ਦੇ ਸੇਬ ਤਿਆਰ ਕਰਨ ਲਈ 20 ਸਾਲ ਲੱਗੇ ਹਨ। ਇਸ ਕਿਸਮ ਨੂੰ ਵੇਚਣ ਲਈ ਐਤਵਾਰ ਤੋਂ ਬਾਜ਼ਾਰ ਵਿੱਚ ਉਤਾਰ ਦਿੱਤਾ ਗਿਆ ਹੈ। ‘ਕੌਸਮਿਕ ਕ੍ਰਿਸਪ’ ਨਾਮ ਦਾ ਸੇਬ ਸਭ ਤੋਂ ਪਹਿਲਾਂ 1997 ਵਿੱਚ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿੱਚ ਉਗਾਇਆ ਗਿਆ ਸੀ। ਠੋਸ ਤੇ ਰਸੀਲੇ ਸੇਬਾਂ ਨੂੰ ਤਿਆਰ ਕਰਨ ਲਈ ਇੱਕ ਕਰੋੜ ਅਮਰੀਕੀ ਡਾਲਰ ਦੀ ਲਾਗਤ ਆਈ ਹੈ। ਵਾਸ਼ਿੰਗਟਨ ਦੇ ਕਿਸਾਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਸ ਸੇਬ ਦੀ ਖੇਤੀ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਜਾਏਗੀ।

ਸੇਬ ਦੇ ਝਾੜ ਤੇ ਵਾਧੇ ਨਾਲ ਜੁੜੇ ਵਿਗਿਆਨੀ ਕੈਟ ਈਵੈਂਜ ਨੇ ਕਿਹਾ, "ਇਹ ਰਸੀਲਾ ਸੇਬ ਹੈ। ਖੱਟਾ-ਮਿੱਠਾ ਹੋਣ ਦੇ ਨਾਲ ਵਧੇਰੇ ਸਖਤ ਹੁੰਦਾ ਹੈ। ਇਸ ਦੇ ਗੁੱਦੇ ਦਾ ਰੰਗ ਬਦਲਣਾ ਬਹੁਤ ਲੰਮਾ ਸਮਾਂ ਲੈਂਦਾ ਹੈ ਤੇ ਜੇ ਇਸ ਨੂੰ ਫਰਿੱਜ ਵਿਚ ਰੱਖਿਆ ਜਾਂਦਾ ਹੈ, ਤਾਂ ਇਹ ਆਪਣੀ ਚੰਗੀ ਕੁਆਲਟੀ ਨੂੰ 10-12 ਮਹੀਨਿਆਂ ਤਕ ਬਰਕਰਾਰ ਰੱਖ ਸਕਦਾ ਹੈ।"

ਸੇਬ ਦੀ ਇਸ ਨਵੀਂ ਕਿਸਮ ਨੂੰ ਸ਼ੁਰੂ ਵਿਚ ਡਬਲਿਊ ਏ 38 ਦਾ ਨਾਂ ਦਿੱਤਾ ਗਿਆ ਸੀ ਪਰ ਬਾਅਦ ਵਿਚ ਇਸ ਦਾ ਨਾਮ ਬਦਲ ਕੇ ਕੌਸਮਿਕ ਕ੍ਰਿਸਪ ਰੱਖਿਆ ਗਿਆ। ਇਸ ਦੇ ਗਹਿਰੇ ਲਾਲ ਰੰਗ ‘ਤੇ ਸਫੈਦ ਦਾਣੇ ਨਜ਼ਰ ਆਉਂਦੇ ਹਨ ਜੋ ਰਾਤ ਵਿੱਚ ਭਰੇ ਅਸਮਾਨ ਵਾਂਗ ਲੱਗਦੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ