ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੇ ਨਰਮੇ ਤੋਂ ਮੂੰਹ ਮੋੜਿਆ

May 27 2019

ਖੇਤੀਬਾੜੀ ਵਿਭਾਗ ਵੱਲੋਂ ਮਾਲਵਾ ਖੇਤਰ ਦੇ ਅੱਠ ਜ਼ਿਲ੍ਹਿਆਂ ਵਿਚ ਭਾਵੇਂ ਇਸ ਵਾਰ ਚਾਰ ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਫ਼ਸਲ ਬੀਜਣ ਦਾ ਟੀਚਾ ਮਿਥਿਆ ਗਿਆ ਹੈ, ਪਰ ਨਹਿਰਾਂ ਵਿਚ ਸਮੇਂ ਸਿਰ ਪਾਣੀ ਨਾ ਆਉਣ ਅਤੇ ਪੰਜਾਬ ਸਰਕਾਰ ਵੱਲੋਂ ਬਿਜਾਈ ਵੇਲੇ ਟਿਊਬਵੈਲਾਂ ਦੀ ਬਿਜਲੀ ਨਾ ਦੇਣ ਕਾਰਨ ਇਹ ਟੀਚਾ ਪੂਰਾ ਨਾ ਹੋਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ। ਜਾਪਦਾ ਹੈ ਕਿ ਚਿੱਟੀ ਮੱਖੀ ਦੇ ਡਰਾਏ ਕਿਸਾਨ ਇਸ ਵਾਰ ਵੀ ਨਰਮੇ ਵੱਲ ਕੋਈ ਦਿਲਚਸਪੀ ਨਹੀਂ ਦਿਖਾ ਰਹੇ। ਕਿਸਾਨਾਂ ਨੇ ਝੋਨਾ ਤੇ ਬਾਸਮਤੀ ਲਾਉਣ ਦੀ ਤਿਆਰੀ ਖਿੱਚ ਲਈ ਹੈ। ਮਾਲਵਾ ਖੇਤਰ ਵਿਚ ਨਰਮੇ ਹੇਠਲੇ ਰਕਬੇ ਨੂੰ ਪਿਛਲੇ ਸਾਲ ਕਿਸਾਨਾਂ ਨੇ ਵੱਡੀ ਪੱਧਰ ‘ਤੇ ਘਟਾ ਦਿੱਤਾ ਸੀ, ਜਿਸ ਤੋਂ ਪੰਜਾਬ ਦੇ ਮੁੱਖ ਮੰਤਰੀ ਖੇਤੀਬਾੜੀ ਵਿਭਾਗ ਨਾਲ ਖਫ਼ਾ ਹੋਏ ਸਨ, ਇਸ ਵਾਰ ਵੀ ਟੀਚਾ ਪੂਰਾ ਹੋਣ ਦੀ ਕੋਈ ਉਮੀਦ ਨਹੀਂ ਜਾਪਦੀ।

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਦੀ ਪ੍ਰਧਾਨਗੀ ਹੇਠ ਮਾਨਸਾ ’ਚ ਅੱਠ ਜ਼ਿਲ੍ਹਿਆਂ ਮਾਨਸਾ, ਬਠਿੰਡਾ, ਸੰਗਰੂਰ, ਬਰਨਾਲਾ, ਮੋਗਾ, ਮੁਕਤਸਰ, ਫਾਜ਼ਿਲਕਾ ਅਤੇ ਫ਼ਰੀਦਕੋਟ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਦੀ ਮੀਟਿੰਗ ਹੋਈ ਸੀ। ਇਸ ਵਿਚ ਨਰਮੇ ਹੇਠ ਚਾਰ ਲੱਖ ਹੈੱਕਟੇਅਰ ਰਕਬਾ ਲਿਆਉਣ ਦਾ ਟੀਚਾ ਮਿੱਥਿਆ ਗਿਆ ਸੀ। ਪਰ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੇ ਨਰਮੇ ਸਬੰਧੀ ਘੱਟ ਦਿਲਚਸਪੀ ਦਿਖਾਈ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨਾਂ ਨੂੰ 15 ਮਈ ਤੋਂ ਪਹਿਲਾਂ-ਪਹਿਲਾਂ ਨਰਮਾ ਬੀਜਣ ਦਾ ਸੱਦਾ ਦਿੱਤਾ ਗਿਆ ਸੀ। ਖੇਤੀਬਾੜੀ ਵਿਭਾਗ ਦੇ ਬਠਿੰਡਾ ਸਥਿਤ ਮੁੱਖ ਜ਼ਿਲ੍ਹਾ ਅਫ਼ਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ਉਂਜ ਤਾਂ ਹੁਣ ਨਰਮੇ ਦੀ ਬਿਜਾਈ ਦਾ ਸਮਾਂ ਲੰਘਣ ਵਾਲਾ ਹੈ, ਪਰ ਥੋੜ੍ਹੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਦਾ ਕੰਮ ਛੇਤੀ ਨਿਬੇੜ ਲੈਣਾ ਚਾਹੀਦਾ ਹੈ।

ਕਿਸਾਨ ਆਗੂ ਦਰਸ਼ਨ ਸਿੰਘ ਗੁਰਨੇ ਦਾ ਕਹਿਣਾ ਹੈ ਕਿ ਬਿਜਾਈ ਦੇ ਦਿਨਾਂ ਵਿਚ ਪਾਣੀ, ਬੀਜ, ਖਾਦ, ਬਿਜਲੀ ਨਾ ਮਿਲਣ ਕਰਕੇ ਇਸ ਵਾਰ ਵਿਭਾਗ ਦਾ ਮਿਥਿਆ ਟੀਚਾ ਪੂਰਾ ਨਹੀਂ ਹੋਵੇਗਾ। ਇਸ ਸਬੰਧੀ ਖੇਤੀਬਾੜੀ ਅਧਿਕਾਰੀ ਚੁੱਪ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ