ਵੈਟਰਨਰੀ ’ਵਰਸਿਟੀ ਨੇ ਸੂਰ ਪਾਲਣ ਦੀ ਸਿਖਲਾਈ ਦਿੱਤੀ

September 13 2019

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਵੱਲੋਂ ਪੰਜ ਦਿਨਾਂ ਦਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਦਾ ਵਿਸ਼ਾ ‘ਸੂਰ ਦਾ ਸਾਫ ਸੁਥਰਾ ਮੀਟ ਉਤਪਾਦਨ ਅਤੇ ਗੁਣਵੱਤਾ ਵਧਾ ਕੇ ਕਿੱਤਾ ਸਥਾਪਿਤ ਕਰਨਾ’ ਸੀ। ਸਿਖਲਾਈ ਵਿਚ ਕੁੱਲ 36 ਸੂਰ ਪਾਲਕਾਂ ਨੇ ਹਿੱਸਾ ਲਿਆ। ਡਾ. ਓਪੀ ਮਾਲਵਾ ਅਤੇ ਡਾ. ਰਾਜੇਸ਼ ਵਾਘ ਨੇ ਸਿਖਲਾਈ ਦੇ ਸੰਯੋਜਕ ਵਜੋਂ ਕਾਰਜ ਸੰਭਾਲਿਆ। ਵਿਭਾਗ ਦੇ ਮੁਖੀ ਡਾ. ਮਨੀਸ਼ ਕੁਮਾਰ ਚੈਟਲੀ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਵਿਚ ਸੂਰਾਂ ਦੀ ਗਿਣਤੀ ਲਗਪਗ 50 ਹਜ਼ਾਰ ਹੈ ਅਤੇ 1000 ਦੇ ਕਰੀਬ ਕਿਸਾਨ ਇਸ ਕਿੱਤੇ ਵਿਚ ਲੱਗੇ ਹੋਏ ਹਨ। ਕਿਸਾਨ ਤੇਜ਼ੀ ਨਾਲ ਇਸ ਕਿੱਤੇ ਨਾਲ ਜੁੜ ਰਹੇ ਹਨ। ਸੂਰ ਪਾਲਣ ਦਾ ਕਿੱਤਾ ਮੁਨਾਫ਼ੇ ਵਾਲਾ ਹੈ ਕਿਉਂਕਿ 6-8 ਮਹੀਨੇ ਦੇ ਵਿਚ ਸੂਰ ਵੇਚਣ ਦੇ ਕਾਬਲ ਹੋ ਜਾਂਦਾ ਹੈ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਜਿੱਥੇ ਉਨ੍ਹਾਂ ਨੂੰ ਅਚਾਰ, ਸਾਸੇਜ, ਨਗੇਟ ਅਤੇ ਕੋਫ਼ਤੇ ਆਦਿ ਬਨਾਉਣ ਸਬੰਧੀ ਦੱਸਿਆ ਗਿਆ ਉਥੇ ਉਨ੍ਹਾਂ ਨੂੰ ਪੈਕਿੰਗ ਅਤੇ ਸਾਫ-ਸੁਥਰੇ ਢੰਗ ਨਾਲ ਪ੍ਰਾਸੈਸਿੰਗ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਕੰਮ ਲਈ ਨਿਰਧਾਰਿਤ ਮਾਪਦੰਡਾਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਸੂਰ ਪਾਲਕਾਂ ਨੂੰ ਆਧੁਨਿਕ ਸੂਰ ਪਾਲਣ ਇਕਾਈ, ਚੰਡੀਗੜ੍ਹ ਦਾ ਦੌਰਾ ਵੀ ਕਰਵਾਇਆ ਗਿਆ। ਸ੍ਰੀਲੰਕਾ ਦੇ ਸਫਲ ਉਦਮੀ ਨਾਲ ਵੀ ਇਨ੍ਹਾਂ ਸੂਰ ਪਾਲਕਾਂ ਨੂੰ ਮਿਲਵਾਇਆ ਗਿਆ। ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ. ਹਰੀਸ਼ ਕੁਮਾਰ ਵਰਮਾ ਨੇ ਸਿਖਲਾਈ ਦੇ ਸਮਾਪਨ ਸਮੇਂ ਵਿਗਿਆਨੀ ਵੱਲੋਂ ਤਿਆਰ ਕੀਤਾ ਗਿਆ ਭਾਸ਼ਣਾਂ ਦਾ ਸੰਗ੍ਰਹਿ ਸਿੱਖਿਆਰਥੀਆਂ ਨੂੰ ਸੋਂਪਿਆ। ਉਪ-ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ ਨੇ ਕਿਸਾਨਾਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਇਸ ਸਿਖਲਾਈ ਨਾਲ ਸੰਗ੍ਰਹਿ ਕੀਤੀ ਵਿਗਿਆਨਕ ਜਾਣਕਾਰੀ ਉਨ੍ਹਾਂ ਦੇ ਕਿੱਤੇ ਨੂੰ ਪ੍ਰਫੁੱਲਿਤ ਕਰਨ ਵਿਚ ਬਹੁਤ ਸਹਾਈ ਹੋਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

 

ਸ੍ਰੋਤ: ਪੰਜਾਬੀ ਟ੍ਰਿਬਿਊਨ