ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਸਨਮਾਨ

January 02 2020

ਪਸ਼ੂ ਆਹਾਰ ਸਬੰਧੀ ਕੋਲਕਾਤਾ ਵਿਚ ਹੋਈ ਕੌਮਾਂਤਰੀ ਕਾਨਫਰੰਸ ’ਚ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀਆਂ ਨੂੰ ਕਈ ਸਨਮਾਨ ਪ੍ਰਾਪਤ ਹੋਏ। ਇਸ ਕਾਨਫਰੰਸ ਦਾ ਵਿਸ਼ਾ ‘ਪਸ਼ੂ ਫਾਰਮਾਂ ਦੀ ਆਮਦਨ ਵਧਾਉਣ ਅਤੇ ਸਾਫ਼ ਸੁਥਰੇ ਉਤਪਾਦ ਪੈਦਾ ਕਰਨ ਹਿੱਤ ਪਸ਼ੂ ਆਹਾਰ ਨੀਤੀਆਂ’ ਸੀ।

ਪਸ਼ੂ ਆਹਾਰ ਸਬੰਧੀ ਭਾਰਤੀ ਸੁਸਾਇਟੀ ਵੱਲੋਂ ਕਰਵਾਈ ਗਈ ਇਸ ਕਾਨਫਰੰਸ ਬਾਰੇ ਸੁਸਾਇਟੀ ਦੇ ਸਕੱਤਰ ਡਾ. ਉਦੈਬੀਰ ਸਿੰਘ ਨੇ ਦੱਸਿਆ ਕਿ ਕਾਨਫਰੰਸ ਵਿਚ 600 ਤੋਂ ਵੱਧ ਵਿਗਿਆਨੀਆਂ ਨੇ ਵੱਖ-ਵੱਖ ਮੁਲਕਾਂ ਤੋਂ ਸ਼ਿਰਕਤ ਕੀਤੀ। ਪਸ਼ੂ ਆਹਾਰ ਵਿਭਾਗ, ਵੈਟਰਨਰੀ ਵਰਸਿਟੀ, ਲੁਧਿਆਣਾ ਦੇ ਮੁਖੀ ਡਾ. ਏ.ਪੀ.ਐੱਸ. ਸੇਠੀ ਨੂੰ ਪਸ਼ੂ ਆਹਾਰ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਸਨਮਾਨਿਆ ਗਿਆ। ਉਨ੍ਹਾਂ ਨੇ ਕੁੱਤਿਆਂ ਦੇ ਆਹਾਰ ਦੀ ਪੌਸ਼ਟਿਕਤਾ ਸਬੰਧੀ ਪਰਚਾ ਪੜ੍ਹਿਆ ਅਤੇ ਸਰਵੋਤਮ ਪੋਸਟਰ ਦਾ ਇਨਾਮ ਹਾਸਲ ਕੀਤਾ।

ਡਾ. ਜਸਪਾਲ ਸਿੰਘ ਹੁੰਦਲ ਨੂੰ ਸਹਿਯੋਗੀ ਫੈਲੋ ਵਜੋਂ ਸਨਮਾਨਿਤ ਕੀਤਾ ਗਿਆ। ਵਿਭਾਗ ਦੇ ਸਾਬਕਾ ਮੁਖੀ ਡਾ. ਐੱਮਪੀਐੱਸ ਬਖ਼ਸ਼ੀ ਨੂੰ ਜੀਵਨਕਾਲ ਪ੍ਰਾਪਤੀ ਪੁਰਸਕਾਰ ਨਾਲ ਨਿਵਾਜਿਆ ਗਿਆ। ਡਾ. ਪਰਮਿੰਦਰ ਸਿੰਘ ਨੇ ‘ਉਦਯੋਗ, ਖੋਜੀ ਅਤੇ ਕਿਸਾਨ’ ਵਿਸ਼ੇ ’ਤੇ ਕਰਵਾਏ ਸੈਸ਼ਨ ਦੀ ਸਹਿ ਪ੍ਰਧਾਨਗੀ ਕੀਤੀ। ਡਾ. ਅਮਿਤ ਸ਼ਰਮਾ ਨੂੰ ਉਨ੍ਹਾਂ ਦੀ ਖੋਜ ਸਬੰਧੀ ਪੋਸਟਰ ਐਵਾਰਡ ਪ੍ਰਾਪਤ ਹੋਇਆ। ਡਾ. ਪ੍ਰਭਜੋਤ ਕੌਰ ਨੂੰ ਐੱਮਵੀਐੱਸਸੀ ਦੇ ਖੋਜ ਪ੍ਰਬੰਧ ਸਬੰਧੀ ਸਨਮਾਨ ਮਿਲਿਆ ਅਤੇ ਡਾ. ਅੰਕਿਤਾ ਨੂੰ ਮੌਖਿਕ ਪੇਸ਼ਕਾਰੀ ਲਈ ਸਨਮਾਨਿਤ ਕੀਤਾ ਗਿਆ। ਡਾ. ਵਿਕਾਸ ਫੂਲੀਆ ਨੇ ਆਪਣੀ ਖੋਜ ਸਬੰਧੀ ਮੌਖਿਕ ਪੇਸ਼ਕਾਰੀ ਵਿਚ ਸਨਮਾਨ ਪ੍ਰਾਪਤ ਕੀਤਾ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ, ਵੈਟਰਨਰੀ ਸਾਇੰਸ ਕਾਲਜ ਦੇ ਡੀਨ ਡਾ. ਪ੍ਰਕਾਸ਼ ਸਿੰਘ ਬਰਾੜ ਅਤੇ ਨਿਰਦੇਸ਼ਕ ਖੋਜ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ:ਪੰਜਾਬੀ ਟ੍ਰਿਬਿਊਨ