ਰੂਪਨਗਰ ਦੀ ਜਲਗਾਹ ’ਤੇ ਪੁੱਜੇ 3808 ਪੰਛੀ

January 07 2020

ਜੰਗਲੀ ਜੀਵ ਵਿਭਾਗ ਨੇ ਅੱਜ ਰੂਪਨਗਰ ਦੀ ਕੌਮਾਂਤਰੀ ਜਲਗਾਹ ਵਿੱਚ ਪਰਵਾਸੀ ਪੰਛੀਆਂ ਦੀ ਗਿਣਤੀ ਦਾ ਕੰਮ ਕਰਵਾਇਆ।

ਇਸ ਮੌਕੇ ’ਤੇ 3808 ਪੰਛੀਆਂ ਦੀ ਗਿਣਤੀ ਕੀਤੀ ਗਈ ਤੇ ਸਭ ਤੋਂ ਜ਼ਿਆਦਾ ਪੰਛੀਆਂ ਦੀ ਗਿਣਤੀ ਰੂਡੀ ਸ਼ੈੱਲਡੱਕ ਦੀ ਸੀ। ਇਨ੍ਹਾਂ ਪੰਛੀਆਂ ਦੀ ਗਿਣਤੀ 710 ਦਰਜ ਕੀਤੀ ਗਈ। ਇਸੇ ਦੌਰਾਨ ਬਾਰ ਹੈਡਿਡ ਗੀਜ਼ 560 ਦੇ ਕਰੀਬ ਦੇਖੇ ਗਏ। ਇਸ ਦੇ ਨਾਲ ਹੀ 430 ਦੇ ਕਰੀਬ ਰੈੱਡ ਕਰੱਸਟਡ ਪੋਚਰਡ ਪੰਛੀ ਵੀ ਵੇਖੇ ਗਏ।ਇਸ ਮੌਕੇ ਚੰਡੀਗੜ੍ਹ ਬਰਡ ਕਲੱਬ ਤੋਂ ਰੀਮਾ ਢਿੱਲੋਂ, ਸਰਬਜੀਤ ਕੌਰ ਤੇ ਅਮਨਦੀਪ ਸਿੰਘ ਤੋਂ ਇਲਾਵਾ ਨੰਗਲ ਦੀ ਜਾਗ੍ਰਿਤੀ ਸੰਸਥਾ ਦੇ ਡਾ: ਜੀਐੱਸ ਚੱਠਾ, ਪ੍ਰਭਾਤ ਭੱਟੀ, ਡਾ. ਸੰਜੀਵ ਗੌਤਮ, ਅਦਿਤਿਆ ਤੋਂ ਇਲਾਵਾ ਸੁਖਦੀਪ ਕੌਰ, ਰੂਪਨਗਰ ਦੇ ਪੰਛੀ ਪ੍ਰੇਮੀ ਜਸਪ੍ਰੀਤ ਸਿੰਘ ਅਤੇ ਹੋਰ ਪੰਛੀ ਪ੍ਰੇਮੀਆਂ ਨੇ ਮਿਲ ਕੇ ਗਿਣਤੀ ਦਾ ਕੰਮ ਕੀਤਾ। ਇਸ ਮੌਕੇ ਛੋਟੇ ਬੱਚੀਆਂ ਨੇ ਵੀ ਭਾਗ ਲਿਆ। ਗਿਣਤੀ ਦੇ ਕੰਮ ਦੌਰਾਨ ਜੰਂਗਲੀ ਜੀਵ ਵਿਭਾਗ ਦੀ ਡੀਐੱਫਓ ਮੋਨਿਕਾ ਯਾਦਵ ਤੇ ਰੇਂਜ ਅਫਸਰ ਸੁਰਜੀਤ ਸਿੰਘ ਵੀ ਮੌਜੂਦ ਸਨ।

ਪਹਿਲੀ ਵਾਰ ਪਹੁੰਚੀ ਕਾਮਨ ਸ਼ੈੱਲਡੱਕ ਬੱਤਖ

ਇਸ ਵਾਰ ਦੀ ਪੰਛੀਆਂ ਦੀ ਗਿਣਤੀ ਦੌਰਾਨ ਕਾਮਨ ਸ਼ੈੱਲਡੱਕ ਬੱਤਖ ਦੀ ਪ੍ਰਜਾਤੀ ਨਵੀਂ ਵੇਖੀ ਗਈ। ਇਸ ਪ੍ਰਜਾਤੀ ਦੇ ਪੰਜ ਪੰਛੀ ਪਹਿਲੀ ਵਾਰ ਰੂਪਨਗਰ ਦੀ ਕੌਮਾਤਰੀ ਜਲਗਾਹ ਵਿੱਚ ਆਏ ਹਨ। ਇਹ ਪੰਛੀ ਜ਼ਿਆਦਾਤਰ ਪੌਂਗ ਡੈਮ ਝੀਲ ਅਤੇ ਨੰਗਲ ਸਤਲੁਜ ਝੀਲ ਵਿੱਚ ਪਹਿਲਾਂ ਆਉਂਦੇ ਰਹੇ ਹਨ। ਪਹਿਲੀ ਵਾਰ ਇਨ੍ਹਾਂ ਨੂੰ ਦੇਖਣ ਕਾਰਨ ਪੰਛੀ ਪ੍ਰੇਮੀਆਂ ਵਿੱਚ ਕਾਫ਼ੀ ਉਤਸ਼ਾਹ ਸੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ