ਰਕਬਾ ਘਟਣ ਦੇ ਬਾਵਜੂਦ ਝੋਨੇ ਦੇ ਝਾੜ ਚ ਹੋਇਆ ਵਾਧਾ

December 10 2019

ਬੇਮੌਸਮੀ ਬਾਰਸਾਂ ਤੇ ਅਗੇਤੀ ਪਈ ਗਰਮੀ ਕਾਰਨ ਬੇਸ਼ੱਕ ਮਾਲਵਾ ਤੇ ਮਾਝਾ ਖੇਤਰ ਦੇ ਅੱਠ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਝੋਨੇ ਦੇ ਝਾੜ ਚ ਘਾਟਾ ਸਹਿਣਾ ਪਿਆ ਪ੍ਰੰਤੂ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਵਾਰ ਝੋਨੇ ਦੇ ਹੇਠ ਰਕਬਾ ਘਟਣ ਦੇ ਬਾਵਜੂਦ ਝਾੜ ਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਦੇਖਣ ਨੂੰ ਮਿਲਿਆ ਹੈ।

ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਖ਼ਰੀਦ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਫ਼ੀਲਡ ਚੋਂ ਇਕੱਤਰ ਕੀਤੇ ਅੰਕੜੇ ਕਾਫ਼ੀ ਮਹੱਤਵਪੂਰਨ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਪਿਛਲੇ ਸਾਲ ਬਾਸਮਤੀ ਤੇ ਗ਼ੈਰ-ਬਾਸਮਤੀ ਝੋਨੇ ਦਾ ਪ੍ਰਤੀ ਹੈਕਟੇਅਰ ਝਾੜ 61.67 ਫ਼ੀ ਸਦੀ ਨਿਕਲਿਆ ਸੀ ਜਦੋਂਕਿ ਇਸ ਦਫ਼ਾ ਇਹ ਵਧ ਕੇ 62.47 ਫ਼ੀਸਦੀ ਪੁੱਜ ਗਿਆ ਹੈ ਜਦੋਂਕਿ ਝੋਨੇ ਹੇਠ ਰਕਬਾ ਘਟਿਆ ਹੈ।

ਇਸਤੋਂ ਇਲਾਵਾ ਰਕਬਾ ਘਟਣ ਕਾਰਨ ਮੰਡੀਆਂ ਵਿਚ ਝੋਨੇ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਘਟੀ ਹੈ। ਚਾਲੂ ਸੀਜ਼ਨ ਚ ਖ਼ਰੀਦ ਏਜੰਸੀਆਂ ਦੁਆਰਾ 164 ਲੱਖ ਮੀਟਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ, ਜਿਹੜੀ ਕਿ ਪਿਛਲੇ ਸਾਲ ਨਾਲੋਂ 6 ਲੱਖ ਮੀਟਰਕ ਟਨ ਘੱਟ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਵਿਭਾਗ ਦੇ ਇੰਨ੍ਹਾਂ ਅੰਕੜਿਆਂ ਤੇ ਉਂਗਲ ਚੁੱਕੀ ਹੈ।

ਚਰਚਾ ਮੁਤਾਬਕ ਬਾਹਰਲੇ ਰਾਜ਼ਾਂ ਖ਼ਾਸਕਰ ਉਤਰ ਪ੍ਰਦੇਸ਼ ਦਾ ਝੋਨਾ ਪੰਜਾਬ ਚ ਵਿਕਣ ਕਾਰਨ ਇਹ ਅੰਕੜਾ ਉਪਰ ਉਠਿਆ ਹੈ, ਜਿਸਨੂੰ ਖੇਤੀਬਾੜੀ ਵਿਭਾਗ ਅਪਣੇ ਹੱਕ ਚ ਭੁਗਤਾ ਰਿਹਾ ਹੈ। ਦੂਜੇ ਪਾਸੇ ਮਾਲ ਵਿਭਾਗ ਦੁਆਰਾ ਕੀਤੀ ਗਿਰਦਾਵਰੀਆਂ ਮੁਤਾਬਕ ਪਿਛਲੇ ਸਾਲ ਝੋਨੇ (ਬਾਸਮਤੀ ਤੇ ਗੈਰ-ਬਾਸਮਤੀ) ਹੇਠ ਬਾਕੀ ਸਫ਼ਾ 11 ਤੇ 31.05 ਲੱਖ ਹੈਕਟੇਅਰ ਰਕਬਾ ਸੀ ਜਦੋਂਕਿ ਇਸ ਵਾਰ ਪੌਣੇ ਦੋ ਲੱਖ ਹੈਕਟੇਅਰ ਘਟ ਕੇ 29.30 ਲੱਖ ਹੈਕਟੇਅਰ ਰਹਿ ਗਿਆ ਹੈ। ਜਿਸ ਵਿਚੋਂ ਬਾਸਮਤੀ ਦਾ ਰਕਬਾ ਵਧਣ ਕਾਰਨ ਗ਼ੈਰ-ਬਾਸਮਤੀ ਕਿਸਮਾਂ ਦੀ ਕਾਸ਼ਤ ਹੋਰ ਵੀ ਘਟੀ ਹੈ।  

ਪਿਛਲੇ ਸਾਲ ਬਾਸਮਤੀ ਕਿਸਮ ਹੇਠ 5.14 ਲੱਖ ਹੈਕਟੇਅਰ ਰਕਬਾ ਸੀ ਜਦੋਂਕਿ ਇਸ ਸਾਲ ਇਹ ਵਧ ਕੇ 6.29 ਤੇ ਪੁੱਜ ਗਿਆ। ਉਂਜ ਨਰਮੇ ਹੇਠ ਰਕਬੇ ਵਿਚ ਵੀ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਤਹਿਤ ਇਸ ਵਾਰ 4 ਲੱਖ ਹੈਕਟੇਅਰ ਰਕਬੇ ਵਿਚ ਨਰਮੇਂ ਦੀ ਬੀਜਾਂਦ ਕੀਤੀ ਹੋਈ ਸੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਮੰਨਿਆਂ ਕਿ ਗ਼ੈਰ-ਬਾਸਮਤੀ ਕਿਸਮਾਂ ਵਿਚ ਮਾਲਵਾ ਪੱਟੀ ਦੇ ਬਰਨਾਲਾ, ਬਠਿੰਡਾ, ਫ਼ਰੀਦਕੋਟ, ਮਾਨਸਾ, ਮੁਕਤਸਰ ਅਤੇ ਸੰਗਰੂਰ ਤੋਂ ਇਲਾਵਾ ਮਾਝਾ ਖੇਤਰ ਦੇ ਤਰਨ ਤਾਰਨ ਅਤੇ ਦੁਆਬਾ ਦੇ ਜਲੰਧਰ ਜ਼ਿਲ੍ਹੇ ਵਿਚ ਝੋਨੇ ਦਾ ਝਾੜ ਘਟਿਆ ਹੈ।

ਬਠਿੰਡਾ ਜ਼ਿਲ੍ਹੇ ਵਿਚ ਸਰਕਾਰੀ ਤੇ ਪ੍ਰਾਈਵੇਟ ਏਜੰਸੀਆਂ ਦੁਆਰਾ ਪਿਛਲੇ ਸਾਲ 13 ਲੱਖ 60 ਹਜ਼ਾਰ ਮੀਟਰਕ ਟਨ ਝੋਨਾ ਖ਼ਰੀਦਿਆ ਗਿਆ ਸੀ ਪ੍ਰੰਤੂ ਇਸ ਸਾਲ ਇਹ ਘਟ ਕੇ ਸਵਾ 11 ਲੱਖ ਮੀਟਰਕ ਟਨ ਤਕ ਹੀ ਸੀਮਤ ਰਹਿ ਗਿਆ। ਇਸੇ ਤਰ੍ਹਾਂ ਬਾਸਮਤੀ ਕਿਸਮ ਵਿਚ ਵੀ ਮਾਨਸਾ, ਮੁਕਤਸਰ, ਫ਼ਰੀਦਕੋਟ, ਫ਼ਾਜਲਿਕਾ, ਬਰਨਾਲਾ, ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ ਖੇਤਰ ਵਿਚ ਝਾੜ ਘੱਟ ਨਿਕਲਿਆ ਹੈ। ਜਦੋਂਕਿ ਬਾਕੀ 14 ਜ਼ਿਲ੍ਹਿਆਂ ਵਿਚ ਬਾਸਮਤੀ ਤੇ ਗ਼ੈਰ-ਬਾਸਮਤੀ ਕਿਸਮਾਂ ਦਾ ਝਾੜ ਕਾਫ਼ੀ ਵਧੀਆਂ ਨਿਕਲਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ