ਮੱਧ ਵਰਗ ਦੇ ਕਿਸਾਨਾਂ ਲਈ ਆਮਦਨੀ ਦਾ ਵਧੀਆ ਸਰੋਤ, ਪਿੰਡ ਬਡਬਰ ਦਾ ਕਿਸਾਨ ਇਸ ਧੰਦੇ ਨਾਲ ਕਮਾ ਰਿਹੈ ਲੱਖਾਂ ਰੁਪਏ

February 17 2020

ਪੰਜਾਬ ਸਰਕਾਰ ਦੇ ਫ਼ਸਲੀ ਵਿਭਿੰਨਤਾ ਦੇ ਉਪਰਾਲਿਆਂ ਬਦੌਲਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ ਦੇ ਅਗਾਂਹਵਧੂ ਕਿਸਾਨ ਲਈ ਮੱਛੀ ਪਾਲਣ ਦਾ ਸਹਾਇਕ ਧੰਦਾ ਵਰਦਾਨ ਸਾਬਿਤ ਹੋਇਆ ਹੈ। ਖੇਤੀ ਲਈ ਜ਼ਮੀਨ ਜ਼ਿਆਦਾ ਢੁੱਕਵੀਂ ਤੇ ਉਪਜਾਊ ਨਾ ਹੋਣ ਦੀ ਸੂਰਤ ਚ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਹੰਭਲਾ ਮਾਰਨ ਵਾਲਾ ਪਿੰਡ ਬਡਬਰ ਦਾ 43 ਸਾਲਾ ਕਿਸਾਨ ਸੁਖਪਾਲ ਸਿੰਘ ਮੱਛੀ ਪਾਲਣ ਕਿੱਤੇ ਤੋਂ ਚੋਖੀ ਕਮਾਈ ਕਰ ਰਿਹਾ ਹੈ। 

ਆਪਣੀ ਸਫਲਤਾ ਦੀ ਕਹਾਣੀ ਬਿਆਨ ਕਰਦੇ ਹੋਏ ਸੁਖਪਾਲ ਸਿੰਘ ਪੁੱਤਰ ਚੰਦ ਸਿੰਘ ਵਾਸੀ ਬਡਬਰ ਨੇ ਦੱਸਿਆ ਕਿ ਉਸ ਨੇ ਮੱਛੀ ਪਾਲਣ ਲਈ ਢਾਈ ਏਕੜ ਦਾ ਤਲਾਅ ਆਪਣੀ ਨਿੱਜੀ ਜ਼ਮੀਨ ਚ ਤੇ ਸਾਢੇ 4 ਏਕੜ ਦਾ ਤਲਾਅ ਪੰਚਾਇਤੀ ਜ਼ਮੀਨ ਪਟੇ ਤੇ ਲੈ ਕੇ ਬਣਾਇਆ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਦੀ ਆਪਣੀ ਜ਼ਮੀਨ ਕਾਫੀ ਨੀਵੀਂ ਹੋਣ ਕਾਰਨ ਪਾਣੀ ਖੜ੍ਹਨ ਦੀ ਦਿੱਕਤ ਰਹਿੰਦੀ ਸੀ ਤੇ ਉਹ ਫਸਲੀ ਚੱਕਰ ਤੋਂ ਉਪਰ ਉੱਠ ਕੇ ਕੁਝ ਨਿਵੇਕਲਾ ਕਰਨ ਦੀ ਸੋਚ ਰੱਖਦਾ ਸੀ। 

ਇਸ ਲਈ ਉਸ ਨੇ ਮੱਛੀ ਪਾਲਣ ਵਿਭਾਗ ਬਰਨਾਲਾ ਨਾਲ ਸੰਪਰਕ ਕੀਤਾ ਤੇ ਲੋੜੀਂਦੀ ਸਿਖਲਾਈ ਪ੍ਰਾਪਤ ਕਰ ਕੇ ਮੱਛੀ ਪਾਲਣ ਦਾ ਧੰਦਾ ਅਪਣਾਉਣ ਦੀ ਰਣਨੀਤੀ ਉਲੀਕੀ। ਉਸ ਨੇ ਢਾਈ ਏਕੜ ਨਿੱਜੀ ਜ਼ਮੀਨ ਤੇ ਸਾਢੇ ਚਾਰ ਏਕੜ ਪੰਚਾਇਤੀ ਜ਼ਮੀਨ ਲੈ ਕੇ ਦੋ ਤਲਾਅ ਖੁਦਵਾਏ। ਇਹ ਤਲਾਅ ਖੁਦਵਾਉਣ ਨਾਲ ਉਸ ਦੀ ਰਹਿੰਦੀ ਨੀਵੀਂ ਜ਼ਮੀਨ ਚ ਭਰਤ ਪੈਣ ਨਾਲ ਉਸ ਦਾ ਪੱਧਰ ਵੀ ਢੁੱਕਵਾਂ ਹੋ ਗਿਆ।

ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਅਪ੍ਰੈਲ 2016 ਤੋਂ ਮੱਛੀ ਪਾਲਣ ਦੇ ਸਹਾਇਕ ਧੰਦੇ ਨਾਲ ਜੁੜਿਆ ਹੋਇਆ ਹੈ ਤੇ ਮੱਛੀ ਪਾਲਣ ਵਿਭਾਗ ਤੋਂ ਪ੍ਰਵਾਨਿਤ 6 ਤਰ੍ਹਾਂ ਦੀਆਂ ਮੱਛੀਆਂ ਕਤਲਾ, ਰੋਹੂ, ਮੁਰਾਖ, ਸਿਲਵਰ ਕਾਰਪ, ਗਰਾਸ ਕਾਰਪ ਤੇ ਕਾਮਨ ਕਾਰਪ ਪਾਲ ਰਿਹਾ ਹੈ। ਉਸ ਨੇ ਦੱਸਿਆ ਕਿ ਮੱਛੀ ਬਹਾਲ ਹੋਣ ਚ ਕਰੀਬ ਇਕ ਸਾਲ ਦਾ ਸਮਾਂ ਲੈਂਦੀ ਹੈ ਤੇ 28 ਤੋਂ ਲੈ ਕੇ 32 ਕੁਇੰਟਲ ਪ੍ਰਤੀ ਏਕੜ ਤੱਕ ਮੱਛੀ ਦਾ ਉਤਪਾਦਨ ਹੁੰਦਾ ਹੈ। ਇਸ ਦਾ ਭਾਅ ਤਲਾਅ ਤੇ ਹੀ 9 ਤੋਂ 11 ਹਜ਼ਾਰ ਰੁਪਏ ਕੁਇੰਟਲ ਤਕ ਮਿਲ ਜਾਂਦਾ ਹੈ। ਇਸ ਤਰ੍ਹਾਂ ਉਸ ਨੂੰ ਖਰਚੇ ਕੱਢ ਕੇ ਸਾਲਾਨਾ 10 ਤੋਂ 12 ਲੱਖ ਮੁਨਾਫਾ ਹੋ ਜਾਂਦਾ ਹੈ ਤੇ ਪਿਛਲੇ ਸਾਲ ਉਸ ਨੇ 15 ਲੱਖ ਰੁਪਏ ਮੁਨਾਫਾ ਖੱਟਿਆ ਸੀ। 

ਇੰਨਾ ਹੀ ਨਹੀਂ ਸੁਖਪਾਲ ਨੇ ਸੰਯੁਕਤ ਸਹਾਇਕ ਧੰਦੇ ਨੂੰ ਅਪਣਾਉਂਦੇ ਹੋਏ ਆਪਣੇ ਤਲਾਅ ਕਿਨਾਰੇ ਪੌਦੇ ਲਾਏ ਹੋਏ ਹਨ, ਜਿਸ ਨਾਲ ਉਹ ਹਰਿਆਵਲ ਮੁਹਿੰਮ ਨੂੰ ਹੁਲਾਰਾ ਦੇ ਰਿਹਾ ਹੈ। ਉਹ ਇਸ ਦੇ ਨਾਲ ਹੀ ਮੌਸਮੀ ਸਬਜ਼ੀਆਂ ਦੀ ਕਾਸ਼ਤ ਵੀ ਕਰਦਾ ਹੈ, ਜਿਸ ਨਾਲ ਉਸ ਦੀ ਆਮਦਨ ਚ ਚੋਖਾ ਵਾਧਾ ਹੋਇਆ ਹੈ।

ਡਿਪਟੀ ਕਮਿਸ਼ਨਰ ਨੇ ਕੀਤੀ ਸੁੁਖਪਾਲ ਸਿੰਘ ਦੀ ਹੌਸਲਾ ਅਫਜ਼ਾਈ

ਅਗਾਂਹਵਧੂ ਕਿਸਾਨ ਸੁਖਪਾਲ ਸਿੰਘ ਦੇ ਯਤਨਾਂ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਕਿਸਾਨ ਦੀ ਸਮੇਂ-ਸਮੇਂ ਤੇ ਹੌਸਲਾ ਅਫਜ਼ਾਈ ਕੀਤੀ ਗਈ ਹੈ। ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ ਸੁਖਪਾਲ ਸਿੰਘ ਦੇ ਖੇਤ ਤੇ ਤਲਾਅ ਦਾ ਕਈ ਦਫਾ ਦੌਰਾ ਕਰ ਚੁੱਕੇ ਹਨ ਤੇ ਉਨ੍ਹਾਂ ਪੌਦੇ ਲਾ ਕੇ ਹਰਿਆਵਲ ਮੁਹਿੰੰਮ ਨੂੰ ਹੁਲਾਰਾ ਦੇਣ ਲਈ ਵੀ ਸੁਖਪਾਲ ਸਿੰਘ ਨੂੰ ਪ੍ਰਰੇਰਿਆ, ਜਿਸ ਬਦੌਲਤ ਸੁਖਪਾਲ ਸਿੰਘ ਨੀਲੀ ਕ੍ਰਾਂਤੀ ਦੇ ਰਾਹ ਤੇ ਪੈਣ ਦੇ ਨਾਲ -ਨਾਲ ਹਰਿਆਲੀ ਵੰਡ ਰਿਹਾ ਹੈ।

ਪੰਜਾਬ ਸਰਕਾਰ ਦੀ ਸਕੀਮ ਤਹਿਤ ਦਿੱਤੀ 1.80 ਲੱਖ ਰੁਪਏ ਦੀ ਸਬਸਿਡੀ : ਸਹਾਇਕ ਡਾਇਰੈਕਟਰ

ਸਹਾਇਕ ਡਾਇਰੈਕਟਰ ਮੱਛੀ ਪਾਲਣ, ਬਰਨਾਲਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਚ ਮੱਛੀ ਪਾਲਣ ਧੰਦਾ ਲਗਾਤਾਰ ਪ੍ਰਫੁੱਲਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਸੁਖਪਾਲ ਸਿੰਘ ਸਣੇ ਹੋਰ ਮੱਛੀ ਪਾਲਕਾਂ ਨੂੰ ਹਰ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਸਮੇਂ-ਸਮੇਂ ਤੇ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਸਰਕਾਰ ਦੀ ਸਕੀਮ ਤਹਿਤ ਸੁਖਪਾਲ ਸਿੰਘ ਨੂੰ 1.80 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਚੁੱਕੀ ਹੈ।

ਕਿੰਨਾ ਮਿਲਦਾ ਹੈ ਕਰਜ਼ਾ ਤੇ ਸਬਸਿਡੀ

ਸੀਨੀਅਰ ਮੱਛੀ ਪਾਲਣ ਅਫਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਦੇ ਕਿੱਤੇ ਦੇ ਚਾਹਵਾਨ ਵਿਅਕਤੀਆਂ ਨੂੰ ਕਰੀਬ 4 ਲੱਖ ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਬੈਂਕਾਂ ਕੋਲੋਂ ਕਰਜ਼ਾ ਮੁਹੱਈਆ ਕਰਾਇਆ ਜਾਂਦਾ ਹੈ। ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਨਾਨ ਵਾਟਰ-ਲਾਗਡ ਸਕੀਮ ਅਧੀਨ ਨਵੇਂ ਤਲਾਅ ਦੀ ਉਸਾਰੀ ਲਈ (ਪੁਟਾਈ ਸਮੇਤ) 60 ਹਜ਼ਾਰ ਰੁਪਏ ਪ੍ਰਤੀ ਏਕੜ ਤੇ ਪਹਿਲੇ ਸਾਲ ਦੀ ਖਾਦ ਖੁਰਾਕ ਵਾਸਤੇ 20 ਹਜ਼ਾਰ ਰੁਪਏ ਪ੍ਰਤੀ ਸਬਸਿਡੀ ਦਿੱਤੀ ਜਾਂਦੀ ਹੈ। ਮੱਛੀ ਦੀ ਪੈਦਾਵਾਰ ਚ ਵਾਧਾ ਕਰਨ ਲਈ ਏਰੀਏੇਟਰ ਦੀ ਖਰੀਦ ਕਰਨ ਲਈ ਏਰੀਏਟਰ 2 ਪੈਡਲ ਵਾਸਤੇ 18000 ਰੁਪਏ ਤੇ ਏਰੀਏਟਰ 4 ਪੈਡਲ ਵਾਸਤੇ 23 ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ