ਮੱਛੀ ਪਾਲਣ ਰਾਹੀਂ ਖੇਤੀ ਨਾਲੋਂ ਦੁੱਗਣੀ ਕਮਾਈ ਸੰਭਵ

June 14 2019

ਮੱਛੀ ਪਾਲਣ ਸਰਲ ਤੇ ਲਾਹੇਵੰਦ ਧੰਦਾ ਹੈ, ਜਿਸ ਤੋਂ ਰਵਾਇਤੀ ਖੇਤੀ ਦੇ ਮੁਕਾਬਲੇ ਪ੍ਰਤੀ ਹੈਕਟੇਅਰ ਦੋ ਤੋਂ ਤਿੰਨ ਗੁਣਾ ਵੱਧ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਮੱਛੀ ਪਾਲਣ ਨੂੰ ਪੜ੍ਹਿਆ ਜਾਂ ਅਨਪੜ੍ਹ ਹਰੇਕ ਨੌਜਵਾਨ, ਬਜ਼ੁਰਗ, ਔਰਤ ਜਾਂ ਮਰਦ ਸਹਿਜੇ ਹੀ ਅਪਣਾ ਸਕਦਾ ਹੈ ਅਤੇ ਰਵਾਇਤੀ ਖੇਤੀ ਦੇ ਮੁਕਾਬਲੇ ਜ਼ਿਆਦਾ ਕਮਾਈ ਕਰ ਸਕਦਾ ਹੈ। ਮੁਹਾਲੀ ਵਿਧਾਨ ਸਭਾ ਹਲਕੇ ਦੇ ਪਿੰਡ ਮਾਣਕਪੁਰ ਕੱਲਰ ਦਾ ਉੱਦਮੀ ਨੌਜਵਾਨ ਹਰਬਾਜ਼ ਸਿੰਘ ਸੰਧੂ ਅਜਿਹਾ ਹੀ ਕਰ ਰਿਹਾ ਹੈ।

ਉਸ ਨੇ ਮੱਛੀ ਪਾਲਣ ਵਿਭਾਗ ਦਾ ਪੰਜ ਦਿਨਾਂ ਦਾ ਮੁਫ਼ਤ ਸਿਖਲਾਈ ਕੈਂਪ ਲਗਾ ਕੇ ਸਾਲ 2014 ਵਿੱਚ 1.60 ਏਕੜ ਜ਼ਮੀਨ ਵਿੱਚ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਸੀ। ਸਿਖਲਾਈ ਦੌਰਾਨ ਹਰਬਾਜ਼ ਸਿੰਘ ਨੂੰ ਛੱਪੜਾਂ ਦੀ ਪੁਟਾਈ ਤੋਂ ਲੈ ਕੇ ਪਾਲਣਯੋਗ ਮੱਛੀਆਂ ਦੀਆਂ ਕਿਸਮਾਂ, ਉਨ੍ਹਾਂ ਦੀ ਸੰਭਾਲ, ਮੰਡੀਕਰਨ ਦੀ ਜਾਣਕਾਰੀ ਦਿੱਤੀ ਗਈ ਅਤੇ ਇਸ ਮਗਰੋਂ ਮੱਛੀ ਪਾਲਣ ਵਿਭਾਗ ਵੱਲੋਂ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰ.ਕੇ.ਵੀ. ਵਾਈ ਸਕੀਮ) ਤਹਿਤ 1 ਲੱਖ 24 ਹਜ਼ਾਰ ਰੁਪਏ ਦੀ ਸਬਸਿਡੀ ਵੀ ਦਿੱਤੀ ਗਈ। ਹਰਬਾਜ਼ ਸਿੰਘ ਨੇ ਦੱਸਿਆ ਕਿ ਉਹ ਸਾਲਾਨਾ ਪ੍ਰਤੀ ਏਕੜ 20 ਤੋਂ 25 ਕੁਇੰਟਲ ਮੱਛੀ ਦਾ ਉਤਪਾਦਨ ਕਰ ਰਿਹਾ ਹੈ, ਜੋ ਔਸਤਨ 100 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕਦੀ ਹੈ। ਇਸ ਤਰ੍ਹਾਂ ਉਹ 2.50 ਲੱਖ ਰੁਪਏ ਪ੍ਰਤੀ ਏਕੜ ਆਮਦਨ ਕਮਾ ਰਿਹਾ ਹੈ ਅਤੇ ਸਾਰੇ ਖਰਚੇ ਕੱਢ ਕੇ ਉਸ ਨੂੰ 1.25 ਲੱਖ ਰੁਪਏ ਪ੍ਰਤੀ ਏਕੜ ਦੀ ਬਚਤ ਹੁੰਦੀ ਹੈ। ਉਸ ਨੇ ਦੱਸਿਆ ਕਿ ਮੱਛੀ ਪਾਲਣ ਦੀ ਸਾਲਾਨਾ ਆਮਦਨ ਖੇਤੀਬਾੜੀ ਕਿੱਤੇ ਨਾਲੋਂ ਦੁੱਗਣੀ ਹੈ। ਉਸ ਨੇ ਕਿਹਾ ਕਿ ਉਹ ਮੱਛੀ ਪਾਲਣ ਦੇ ਇਸ ਕਿੱਤੇ ਨੂੰ 10 ਤੋਂ 15 ਏਕੜ ਵਿੱਚ ਵਧਾਉਣਾ ਚਾਹੁੰਦਾ ਹੈ ਕਿਉਂਕਿ ਇਹ ਕਿੱਤਾ ਬਹੁਤ ਲਾਹੇਵੰਦ ਹੈ। ਹਰਬਾਜ਼ ਸਿੰਘ ਨੇ ਆਪਣਾ ਇਕ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਸ ਵੱਲੋਂ ਮੱਛੀ ਤਲਾਬ ਦਾ ਪਾਣੀ ਆਪਣੇ ਖੇਤਾਂ ਵਿੱਚ ਕਣਕ ਦੀ ਸਿੰਜਾਈ ਲਈ ਵੀ ਵਰਤਿਆ ਗਿਆ, ਜਿਸ ਕਾਰਨ ਉਸ ਨੂੰ ਕਣਕ ਦਾ ਪਹਿਲਾਂ ਨਾਲੋਂ ਵੱਧ ਝਾੜ ਪ੍ਰਾਪਤ ਹੋਇਆ। ਉਸ ਨੇ ਆਪਣੇ ਵਰਗੇ ਹੋਰ ਨੌਜਵਾਨਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਉਸ ਵਾਂਗ ਮੱਛੀ ਪਾਲਣ ਦਾ ਧੰਦਾ ਅਪਣਾ ਕੇ ਚੌਖੀ ਕਮਾਈ ਕਰ ਸਕਦੇ ਹਨ। ਮੱਛੀ ਪਾਲਣ ਵਿਭਾਗ ਦੇ ਬੁਲਾਰੇ ਨੇ ਕਿਸਾਨਾਂ ਨੂੰ ਰਵਾਇਤੀ ਖੇਤੀ ਨਾਲੋਂ ਖੇਤੀ ਸਹਾਇਕ ਧੰਦੇ ਮੱਛੀ ਪਾਲਣ ਨੂੰ ਅਪਣਾਉਣ ਦਾ ਸੱਦਾ ਦਿੰਦਿਆਂ ਦੱਸਿਆ ਕਿ ਮੱਛੀ ਪਾਲਣ ਰੁਜ਼ਗਾਰ ਦਾ ਵਧੀਆ ਸਾਧਨ ਹੈ ਅਤੇ ਪਿੰਡਾਂ ਵਿੱਚ ਪੰਚਾਇਤੀ ਛੱਪੜਾਂ ਨੂੰ ਮਨਰੇਗਾ ਸਕੀਮ ਰਾਹੀਂ ਸੁਧਾਰ ਕੇ ਮੱਛੀ ਪਾਲਣ ਦਾ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੱਛੀ ਦਾ ਮੀਟ ਸਸਤਾ ਅਤੇ ਪ੍ਰੋਟੀਨ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਲੋੜੀਂਦੇ ਵਿਟਾਮਿਨ ਅਤੇ ਖਣਿਜ ਪਦਾਰਥ ਕਾਫੀ ਮਾਤਰਾ ਵਿੱਚ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 1450 ਏਕੜ ਰਕਬਾ ਮੱਛੀ ਪਾਲਣ ਅਧੀਨ ਹੈ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਥਿਤ ਮਿਰਜ਼ਾਪੁਰ, ਸਿਸਵਾਂ, ਜੈਅੰਤੀ ਅਤੇ ਪੜਛ ਡੈਮ ਪੰਜ ਸਾਲਾਂ ਲਈ ਮੱਛੀ ਪਾਲਣ ਵਿਭਾਗ ਵੱਲੋਂ ਲੀਜ਼ ’ਤੇ ਦਿੱਤੇ ਗਏ ਹਨ, ਜਿਸ ਤੋਂ ਸਰਕਾਰ ਨੂੰ 58 ਲੱਖ 52 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ