ਮੱਖੀ ਪਾਲਕਾਂ ਨੇ ਘੋਲਿਆ ਬਠਿੰਡਾ ਦੀ ਫਿਜ਼ਾ ਚ ਸ਼ਹਿਦ, 5 ਸਾਲ ਚ ਰਿਕਾਰਡ ਕਾਇਮ

July 04 2019

ਮੱਖੀ ਪਾਲਕਾਂ ਦੀ ਮਿਹਨਤ ਸਦਕਾ ਬਠਿੰਡਾ ਦੀ ਫਿਜ਼ਾ ਵਿੱਚ ਸ਼ਹਿਦ ਘੁਲ ਰਿਹਾ ਹੈ। ਪਿਛਲੇ ਪੰਜ ਸਾਲਾਂ ਤੋਂ ਮੱਖੀ ਪਾਲਕਾਂ ਵੱਲੋਂ ਤਿਆਰ ਕੀਤੇ ਜਾ ਰਹੇ ਸ਼ਹਿਦ ਦੇ ਉਤਪਾਦਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸੇ ਸਦਕਾ ਬਠਿੰਡਾ ਹੁਣ ਸ਼ਹਿਦ ਉਤਪਾਨ ਵਿੱਚ ਮੋਹਰੀ ਜ਼ਿਲ੍ਹਾ ਬਣ ਰਿਹਾ ਹੈ।

ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਦਰਸ਼ਨ ਪਾਲ ਨੇ ਦੱਸਿਆ ਕਿ ਮੱਖੀ ਪਾਲਕਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੱਲਾਸ਼ੇਰੀ ਤੇ ਸਿਖਲਾਈ ਸ਼ਹਿਦ ਉਤਪਾਦਨ ਵਿੱਚ ਲਾਹੇਵੰਦ ਸਿੱਧ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗੀ ਅੰਕੜਿਆਂ ਮੁਤਾਬਕ ਸਾਲ 2014 ਤੇ 15 ਦੌਰਾਨ ਜ਼ਿਲ੍ਹੇ ਵਿੱਚ ਕੁੱਲ 249 ਮੱਖੀ ਪਾਲਕ ਸਨ, ਜਿਨ੍ਹਾਂ ਕੋਲ 12 ਹਜ਼ਾਰ ਡੱਬੇ ਸਨ। ਇਸ ਤੋਂ 372.3 ਮੀਟਰਕ ਟਨ ਸ਼ਹਿਦ ਪੈਦਾ ਕੀਤਾ ਗਿਆ ਹੈ।
2015 ਤੇ 16 ਵਿੱਚ ਮੱਖੀ ਦੇ ਡੱਬਿਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ (ਤਕਰੀਬਨ 6,000) ਦਾ ਵਾਧਾ ਹੋਇਆ। ਇਸ ਦੌਰਾਨ ਲਾਭਪਾਤਰੀਆਂ ਦੀ ਗਿਣਤੀ ਵੀ ਵਧ ਕੇ 381 ਹੋਈ ਤੇ ਸ਼ਹਿਦ ਦਾ ਉਤਪਾਦਨ 556.7 ਮੀਟਰਕ ਟਨ ਹੋ ਗਿਆ। 2016 ਤੇ 17 ਵਿੱਚ ਵੀ ਮੱਖੀ ਦੇ ਡੱਬਿਆਂ ਵਿੱਚ ਭਾਰੀ ਇਜ਼ਾਫ਼ਾ ਹੋਇਆ, ਜਿਨ੍ਹਾਂ ਦੀ ਗਿਣਤੀ ਵਧ ਕੇ 23,645 ਹੋਈ। ਇਸ ਸਾਲ ਮੱਖੀ ਪਾਲਕਾਂ ਦੀ ਗਿਣਤੀ 477 ਹੋਈ ਤੇ ਸ਼ਹਿਦ ਦਾ ਉਤਪਾਦਨ ਵੀ ਵਧ ਕੇ 709.35 ਮੀਟਰਕ ਟਨ ਹੋਇਆ ਹੈ।
ਇਸੇ ਤਰ੍ਹਾਂ 2017 ਤੇ 18 ਦੌਰਾਨ ਮੱਖੀ ਦੇ ਬਕਸਿਆਂ ਦੀ ਗਿਣਤੀ 24,045 ਹੋਈ। ਇਨ੍ਹਾਂ ਵਿੱਚੋਂ 485 ਮੱਖੀ ਪਾਲਕਾਂ ਨੇ 721.35 ਮੀਟਰਕ ਟਨ ਸ਼ਹਿਦ ਦਾ ਉਤਪਾਦਨ ਕੀਤਾ। ਸਾਲ 2018 ਤੇ 19 ਦੌਰਾਨ ਵੀ ਬਕਸਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਜੋ ਵਧ ਕੇ 26,300 ਹੋ ਗਏ। ਹੁਣ ਜ਼ਿਲ੍ਹੇ ਵਿੱਚ ਮੱਖੀ ਪਾਲਕਾਂ ਦੀ ਗਿਣਤੀ 531 ਹੈ। ਇਨ੍ਹਾਂ ਨੇ 789 ਮੀਟਰਕ ਟਨ ਸ਼ਹਿਦ ਉਤਪਾਦਨ ਕੀਤਾ।
 
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਏ.ਬੀ.ਪੀ. ਸਾਂਝਾ