ਮੱਕੀ ਦੇ ਦਾਣਿਆਂ ਵਾਂਗ ਖਿੜੇ ਕਿਸਾਨਾਂ ਦੇ ਚਿਹਰੇ

June 22 2019

ਇਸ ਵਾਰ ਮੱਕੀ ਦੀ ਫਸਲ ਨੇ ਕਿਸਾਨਾਂ ਨੂੰ ਨਿਰਾਸ਼ ਨਹੀਂ ਕੀਤਾ। ਮੰਡੀਆਂ ’ਚ ਕਿਸਾਨਾਂ ਨੂੰ ਮੱਕੀ ਦਾ ਭਾਅ ਪਿਛਲੇ ਸਾਲ ਨਾਲੋਂ ਦੁੱਗਣਾ ਮਿਲ ਰਿਹਾ ਹੈ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਵੀ ਭਾਅ ਵੱਧ ਮਿਲਣ ਕਰਕੇ ਫਸਲ ਲੈ ਕੇ ਆਏ ਕਿਸਾਨ ਖਿੜੇ ਚਿਹਰਿਆਂ ਨਾਲ ਘਰਾਂ ਨੂੰ ਜਾ ਰਹੇ ਹਨ। ਪਿਛਲੇ ਸਾਲ ਮੱਕੀ ਦਾ ਭਾਅ 900 ਤੋਂ ਲੈ ਕੇ 1300 ਰੁਪਏ ਪ੍ਰਤੀ ਕੁਇੰਟਲ ਤੱਕ ਮਿਲਿਆ ਸੀ, ਜੋ ਇਸ ਵਾਰ 1800 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ।

ਜਾਣਕਾਰੀ ਅਨੁਸਾਰ ਕਈ ਸਾਲਾਂ ਤੋਂ ਮੱਕੀ ਦਾ ਭਾਅ ਬਹੁਤ ਹੀ ਘੱਟ ਮਿਲਣ ਕਰਕੇ ਕਿਸਾਨਾਂ ਨੇ ਇਸ ਫਸਲ ਦੀ ਖੇਤੀ ਘਟਾ ਦਿੱਤੀ ਹੈ। ਉਥੇ ਹੀ ਬੇਮੌਸਮੇ ਮੀਂਹ ਕਰਕੇ ਦੇਰੀ ਨਾਲ ਬੀਜੀ ਗਈ ਮੱਕੀ ਦਾ ਝਾੜ ਵੀ ਘੱਟ ਨਿਕਲ ਰਿਹਾ ਹੈ। ਝਾੜ 25 ਤੋਂ 30 ਕੁਇੰਟਲ ਪ੍ਰਤੀ ਏਕੜ ਨਿਕਲ ਰਿਹਾ ਹੈ। ਪ੍ਰੰਤੂ, ਹੁਣ ਪਸ਼ੂਆਂ ਨੂੰ ਮੱਕੀ ਦੇ ਆਚਾਰ ਦੀ ਮੰਗ ਵਧਣ ਕਰਕੇ ਫਸਲ ਦੀ ਮੰਗ ਵੀ ਵਧ ਗਈ ਹੈ। ਵਪਾਰੀ ਕਿਸਾਨਾਂ ਤੋਂ ਫਸਲ ਲੈ ਕੇ ਆਚਾਰ ਬਣਾਉਣ ਵਾਲਿਆਂ ਤੱਕ ਸਪਲਾਈ ਕਰ ਰਹੇ ਹਨ। ਇਸ ਲਈ ਭਾਅ 1800 ਰੁਪਏ ਪ੍ਰਤੀ ਕੁਇੰਟਲ ਆਸਾਨੀ ਨਾਲ ਮਿਲ ਰਿਹਾ ਹੈ। ਇਸ ਤੋਂ ਅਗਲੇ ਸਾਲ ਮੱਕੀ ਦੀ ਖੇਤੀ ਵਧਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਕਿਸਾਨ ਮੇਜਰ ਸਿੰਘ ਵਾਸੀ ਰਸੂਲੜਾ ਨੇ ਦੱਸਿਆ ਕਿ ਬਿਜਾਈ ਲੇਟ ਹੋਣ ਕਰਕੇ ਝਾੜ ਘੱਟ ਨਿਕਲਿਆ ਹੈ। ਭਾਅ ਸਹੀ ਮਿਲ ਰਿਹਾ ਹੈ। ਜੇ ਇਹ ਭਾਅ ਕਈ ਸਾਲਾਂ ਤੋਂ ਮਿਲਦਾ ਹੁੰਦਾ ਤਾਂ ਕਿਸਾਨਾਂ ਦਾ ਰੁਝਾਨ ਮੱਕੀ ਵੱਲ ਵਧ ਜਾਣਾ ਸੀ। ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਮੱਕੀ ਦਾ ਆਚਾਰ ਪਸ਼ੂਆਂ ਲਈ ਬਣਾਇਆ ਜਾਂਦਾ ਹੈ ਜਿਸ ਨਾਲ ਦੁੱਧ ਦੀ ਪੈਦਾਵਾਰ ਵਧਦੀ ਹੈ। ਇਸ ਆਚਾਰ ਦੀਆਂ ਕਈ ਯੂਨਿਟਾਂ ਪੰਜਾਬ ‘ਚ ਲੱਗ ਚੁੱਕੀਆਂ ਹਨ। ਇਸ ਲਈ ਮੰਗ ਵਧਣ ਕਰਕੇ ਸਪਲਾਈ ਪੂਰੀ ਨਹੀਂ ਮਿਲ ਰਹੀ ਤੇ ਕਿਸਾਨਾਂ ਨੂੰ ਵਧੀਆ ਭਾਅ ਮਿਲ ਰਿਹਾ ਹੈ। ਇਹ ਆਉਣ ਵਾਲੇ ਸਮੇਂ ਲਈ ਵਧੀਆ ਸੰਕੇਤ ਹੈ। ਉਧਰ, ਮੰਡੀ ਸੁਪਰਵਾਈਜ਼ਰ ਰਣਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਮੰਡੀ ‘ਚ 1,36,546 ਕੁਇੰਟਲ ਫਸਲ ਆਈ ਸੀ। ਇਸ ਵਾਰ 18 ਜੂਨ ਤੱਕ ਕਰੀਬ 10 ਹਜ਼ਾਰ ਕੁਇੰਟਲ ਮੱਕੀ ਹੀ ਆਈ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ