ਮੰਡੀਆਂ ਚ ਰੁਲਣ ਲੱਗੇ ਕਿਸਾਨ, ਕੈਪਟਨ ਨੇ ਲਿਖੀ ਮੋਦੀ ਨੂੰ ਚਿੱਠੀ

April 24 2019

ਚੋਣਾਂ ਦੇ ਮਾਹੌਲ ਦੌਰਾਨ ਮੰਡੀਆਂ ਵਿੱਚ ਰੁਲ ਰਹੇ ਕਿਸਾਨ ਵੱਡਾ ਮੁੱਦਾ ਬਣ ਗਏ ਹਨ। ਵਿਰੋਧੀ ਧਿਰਾਂ ਵੱਲੋਂ ਮੰਡੀਆਂ ਦੇ ਦੌਰੇ ਕਰਕੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੀਂਹ ਕਰਕੇ ਫਸਲ ਵਿੱਚ ਨਮੀ ਵਧ ਗਈ ਹੈ। ਇਸ ਕਰਕੇ ਖਰੀਦ ਏਜੰਸੀਆਂ ਫਸਲ ਖਰੀਦਣ ਤੋਂ ਭੱਜ ਰਹੀਆਂ ਹਨ। ਇਸ ਲਈ ਕਿਸਾਨ ਰੁਲ ਰਹੇ ਹਨ।

ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਤੇ ਹਮਲਾ ਬੋਲਿਆ ਹੈ। ਕੈਪਟਨ ਨੇ ਕਿਹਾ ਹੈ ਕਿ ਮੋਦੀ ਸਰਕਾਰ ਨਮੀ ਦੇ ਤੈਅ ਮਾਪਦੰਡਾਂ ਵਿੱਚ ਢਿੱਲ ਦੇਵੇ। ਉਨ੍ਹਾਂ ਨੇ ਇਸ ਲਈ ਮੋਦੀ ਸਰਕਾਰ ਨੂੰ ਚਿੱਠੀ ਵੀ ਲਿਖੀ ਹੈ। ਉਨ੍ਹਾਂ ਚਿੱਠੀ ਵਿੱਚ ਕਿਹਾ ਹੈ ਕਿ ਬੇਮੌਸਮੀ ਮੀਂਹ ਕਾਰਨ ਫਸਲ ਦੇ ਹੋਏ ਨੁਕਸਾਨ ਦੇ ਮੱਦੇਨਜ਼ਰ ਮੌਜੂਦਾ ਖਰੀਦ ਸੀਜ਼ਨ ਦੌਰਾਨ ਕਣਕ ਦੀ ਖਰੀਦ ਲਈ ਤੈਅ ਮਾਪਦੰਡਾਂ ਵਿੱਚ ਢਿੱਲ ਦਿੱਤੀ ਜਾਵੇ।

ਮੁੱਖ ਮੰਤਰੀ ਨੇ ਮੀਂਹ ਕਾਰਨ ਕਣਕ ਦੀ ਗੁਣਵੱਤਾ ਦੇ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਮਾਹਿਰਾਂ ਦੀ ਟੀਮ ਪੰਜਾਬ ਭੇਜਣ ਲਈ ਵੀ ਕਿਹਾ ਹੈ। ਕੈਪਟਨ ਨੇ ਕੀਮਤ ਵਿੱਚ ਬਿਨਾਂ ਕਿਸੇ ਕਟੌਤੀ ਤੋਂ ਖਰੀਦ ਮਾਪਦੰਡਾਂ ਵਿੱਚ ਢੁਕਵੀਂ ਢਿੱਲ ਦੇਣ ਲਈ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸੂਬੇ ਵਿੱਚ 16 ਤੋਂ 18 ਅਪਰੈਲ ਤੱਕ ਪਏ ਮੀਂਹ ਤੇ ਤੇਜ਼ ਹਵਾਵਾਂ ਕਾਰਨ ਫਸਲਾਂ ਹੋਏ ਨੂੰ ਭਾਰੀ ਨੁਕਸਾਨ ਕਾਰਨ ਕਿਸਾਨਾਂ ਨੂੰ ਢਾਹ ਲੱਗੀ ਹੈ। ਕਿਸਾਨ ਪਹਿਲਾਂ ਹੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਜਿਸ ਕਰਕੇ ਖਰੀਦ ਮਾਪਦੰਡਾਂ ਵਿੱਚ ਢਿੱਲ ਦਿੱਤੇ ਜਾਣ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਮੀਂਹ ਕਾਰਨ ਮਾਰਚ ਮਹੀਨੇ ਦੌਰਾਨ ਸੂਬੇ ਵਿੱਚ ਤਾਪਮਾਨ ਘੱਟ ਰਿਹਾ ਜਿਸ ਕਾਰਨ ਕਣਕ ਦੀ ਕਟਾਈ ਵਿੱਚ ਦੇਰੀ ਹੋਈ। ਇਸ ਦੇ ਨਤੀਜੇ ਵੱਜੋਂ ਮੰਡੀਆਂ ਵਿੱਚ ਵੀ ਕਣਕ ਦੇਰੀ ਨਾਲ ਪਹੁੰਚਣੀ ਸ਼ੁਰੂ ਹੋਈ ਤੇ ਇਸ ਦੀ ਖਰੀਦ 11 ਅਪਰੈਲ ਤੋਂ ਸ਼ੁਰੂ ਹੋਈ। ਮੰਡੀਆਂ ਵਿੱਚ ਤਕਰੀਬਨ 3 ਲੱਖ ਮੀਟਰਕ ਟਨ ਕਣਕ ਪਹੁੰਚ ਚੁੱਕੀ ਹੈ ਜੋ ਪਿਛਲੇ ਸਮੇਂ ਤੋਂ ਕਾਫੀ ਘੱਟ ਹੈ।

ਸੂਬੇ ਦੀਆਂ ਮੰਡੀਆਂ ਵਿੱਚ ਆ ਰਹੀ ਕਣਕ ਦੀ ਗੁਣਵੱਤਾ ਐਫਏਕਿਊ (ਫੇਅਰ ਐਵਰੇਜ ਕੁਆਲਟੀ) ਦੇ ਮਾਪਦੰਡਾਂ ਦੇ ਅਨੁਕੂਲ ਨਹੀਂ ਹੈ। ਕਣਕ ਦੇ ਰੰਗ ਵਿੱਚ ਤਬਦੀਲੀ ਹੋਣ, ਦਾਣਾ ਟੁੱਟਣ ਤੇ ਨਮੀ ਦੀ ਸਮੱਸਿਆ ਹੈ। ਮੁੱਖ ਮੰਤਰੀ ਨੇ ਕਿਸਾਨੀ ਭਾਈਚਾਰੇ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਇਹ ਮੁੱਦਾ ਤੁਰੰਤ ਹੱਲ ਕਰਨ ਲਈ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ