ਮੰਡੀਆਂ ਚ ਕਣਕ 15 ਦਿਨ ਦੇਰੀ ਨਾਲ ਆਉਣ ਦੇ ਆਸਾਰ

April 01 2019

ਪੰਜਾਬ ਚ ਕਣਕ ਦੀ ਸਰਕਾਰੀ ਖ਼ਰੀਦ ਅੱਜ 1 ਅਪ੍ਰੈਲ ਤੋਂ ਸ਼ੁਰੂ ਹੋਣੀ ਸੀ, ਪਰ ਪੰਜਾਬ ਦੀਆਂ ਮੰਡੀਆਂ ਅਜੇ ਤੱਕ ਸੁੰਨਸਾਨ ਪਈਆਂ ਹਨ। ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਪੰਜਾਬ ਮੰਡੀਕਰਨ ਬੋਰਡ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਇਸ ਮਸਲੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨ ਨਾਲ ਰਿਜ਼ਰਵ ਬੈਂਕ ਵਲੋਂ ਪੰਜਾਬ ਚ ਕਣਕ ਦੀ ਖ਼ਰੀਦ ਲਈ 19 ਹਜ਼ਾਰ 240 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਵੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਚ ਕਣਕ ਦੀ ਪ੍ਰਤੀ ਏਕੜ ਉਪਜ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਵੇਗੀ, ਕਿਉਂਕਿ ਠੰਢ ਦਾ ਸੀਜ਼ਨ ਲੰਬਾ ਰਿਹਾ ਹੈ। ਪੰਜਾਬ ਦੀਆਂ ਮੰਡੀਆਂ ਚ ਇਸ ਵਾਰ 130 ਲੱਖ ਟਨ ਕਣਕ ਆਉਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਇਸ ਵਾਰ ਕਣਕ ਦਾ ਸਰਕਾਰੀ ਖ਼ਰੀਦ ਮੁੱਲ 1840 ਰੁਪਏ ਪ੍ਰਤੀ ਕੁਇੰਟਲ ਹੈ ਜੋ ਪਿਛਲੇ ਸਾਲ ਨਾਲੋਂ 105 ਰੁਪਏ ਪ੍ਰਤੀ ਕੁਇੰਟਲ ਜ਼ਿਆਦਾ ਹੈ। ਪਤਾ ਲੱਗਾ ਹੈ ਕਿ ਪੰਜਾਬ ਦੀਆਂ ਮੰਡੀਆਂ ਚ ਸਫ਼ਾਈ ਦੇ ਟੈਂਡਰ ਅਜੇ ਤੱਕ ਨਹੀਂ ਲੱਗ ਸਕੇ। ਇਸ ਲਈ ਬੀਤੇ ਦਿਨ ਮਾਰਕੀਟ ਕਮੇਟੀਆਂ ਨੂੰ ਸਫ਼ਾਈ ਅਤੇ ਦਵਾਈਆਂ ਆਦਿ ਦੇ ਛਿੜਕਾ ਦੇ ਪ੍ਰਬੰਧ ਆਪਣੇ ਤੌਰ ਤੇ ਕਰਨ ਲਈ ਕਹਿ ਦਿੱਤਾ ਗਿਆ ਹੈ। ਇਸ ਦਰਮਿਆਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਚ ਅਜੇ ਤੱਕ ਕਣਕ ਦਾ ਇਕ ਦਾਣਾ ਵੀ ਵਿਕਣ ਲਈ ਨਹੀਂ ਪੁੱਜਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ