ਮਜ਼ਦੂਰਾਂ ਦੀ ਕਮੀ ਦੇ ਚਲਦੇ ਝੋਨੇ ਹੇਠਲਾ ਰਕਬਾ ਘਟਣ ਦੇ ਆਸਾਰ

May 04 2020

ਕੋਰੋਨਾ ਮਹਾਂਮਾਰੀ ਦੌਰਾਨ ਝੋਨਾ ਲਗਾਉਣ ਨੂੰ ਲੈ ਕੇ ਪੰਜਾਬ ਦੇ ਕਿਸਾਨ ਚਿੰਤਾ ਚ ਡੁੱਬ ਗਏ ਹਨ। ਪਹਿਲਾਂ ਹੀ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਤੇ ਲੱਗੀ ਰੋਕ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਵਲੋਂ ਵਾਪਸੀ ਦੀ ਝਾਕ ਤੇ ਬੈਠੇ ਪ੍ਰਵਾਸੀ ਮਜ਼ਦੂਰਾਂ ਲਈ ਰਾਹ ਖੋਲ੍ਹਣ ਤੇ ਕਿਸਾਨਾਂ ਲਈ ਹੋਰ ਵੱਡੀ ਮੁਸੀਬਤ ਖੜੀ ਹੋ ਗਈ ਹੈ। ਸੂਚਨਾ ਮੁਤਾਬਕ ਪੰਜਾਬੀ ਮਜ਼ਦੂਰ ਝੋਨੇ ਦੀ ਲਗਾਈ ਲਈ ਤਿਆਰ ਹਨ ਪਰ ਉਨ੍ਹਾਂ ਵਲੋਂ ਮੰਗੇ ਜਾ ਰਹੇ ਮਿਹਨਤਾਨੇ ਕਿਸਾਨਾਂ ਲਈ ਵੀ ਵਾਰੇ ਨਹੀਂ ਖਾ ਰਹੇ ਹਨ।

ਉਂਜ ਸੂਬੇ ਚ ਬਾਸਮਤੀ ਸਹਿਤ ਸੰਭਾਵਤ 27 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਗਾਈ ਲਈ ਵੱਡੀ ਪੱਧਰ ਤੇ ਪ੍ਰਵਾਸੀ ਮਜ਼ਦੂਰਾਂ ਦੀ ਵੀ ਜ਼ਰੂਰਤ ਪੈਣੀ ਹੈ। ਹਾਲਾਂਕਿ ਸਰਕਾਰੀ ਹਲਕਿਆਂ ਨੂੰ ਉਮੀਦ ਹੈ ਕਿ ਕਣਕ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਮੰਡੀਆਂ ਚ ਲੱਗੀ ਲੇਬਰ ਤੋਂ ਇਲਾਵਾ ਪਿੰਡਾਂ ਚ ਨਰੇਗਾ ਨਾਲ ਸਬੰਧਤ ਰਜਿਟਰਡ ਮਜ਼ਦੂਰਾਂ ਸਹਿਤ ਆੜਤੀਆਂ ਕੋਲ ਉਪਲਬਧ ਲੇਬਰ ਇਸ ਕੰਮ ਵਿਚ ਸਹਾਈ ਹੋਵੇਗੀ। ਗੌਰਤਲਬ ਹੈ ਕਿ ਸੂਬੇ ਚ ਝੋਨਾ ਸਾਉਣੀ ਦੀ ਮੁੱਖ ਫ਼ਸਲ ਮੰਨਿਆਂ ਜਾਂਦਾ ਹੈ। ਹਾਲਾਂਕਿ ਬਠਿੰਡਾ ਪੱਟੀ ਦੇ ਕੁੱਝ ਜ਼ਿਲ੍ਹਿਆਂ ਚ ਨਰਮਾ ਵੀ ਬੀਜਿਆ ਜਾਂਦਾ ਹੈ ਪ੍ਰੰਤੂ ਕਿਸਾਨਾਂ ਦਾ ਜ਼ਿਆਦਾ ਦਾਰੋਮਦਾਰ ਝੋਨੇ ਦੀ ਫ਼ਸਲ ਉਪਰ ਹੀ ਰਹਿੰਦਾ ਹੈ।

ਪਿਛਲੇ ਸੀਜ਼ਨ ਦੌਰਾਨ ਬਾਸਮਤੀ ਸਹਿਤ ਪੰਜਾਬ ਦੇ 29.30 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਫ਼ਸਲ ਸੀ। ਪ੍ਰੰਤੂ ਇਸ ਵਾਰ ਝੋਨੇ ਹੇਠ ਰਕਬੇ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਖੇਤੀਬਾੜੀ ਮਾਹਰਾਂ ਨੂੰ ਉਮੀਦ ਹੈ ਕਿ ਇਸ ਵਾਰ ਨਰਮੇ ਤੇ ਹੋਰ ਬਦਲਵੀਆਂ ਫ਼ਸਲਾਂ ਹੇਠ ਰਕਬਾ ਵਧਣ ਦੇ ਚੱਲਦੇ ਝੋਨੇ ਹੇਠਲਾ ਰਕਬਾ ਘਟ ਸਕਦਾ ਹੈ। ਕੁਦਰਤੀ ਕਹਿਰ ਤੋਂ ਇਲਾਵਾ ਮਜ਼ਦੂਰਾਂ ਦੀ ਕਮੀ ਅਤੇ ਸਰਕਾਰ ਵਲੋਂ ਪੂਸਾ ਕਿਸਮ ਦੀ ਬੀਜਾਈ ਉਪਰ ਪਾਬੰਦੀ ਕਾਰਨ ਕਿਸਾਨਾਂ ਵਲੋਂ ਇਸ ਤੋਂ ਪਾਸਾ ਵੱਟਿਆ ਜਾ ਸਕਦਾ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ