ਮੌਨਸੂਨ ਰੁੱਸੀ, ਬਾਰਸ਼ ਦਾ ਕੰਮ ਢਿੱਲਾ, ਪੰਜਾਬ-ਹਰਿਆਣਾ ਅਜੇ ਸੁੱਕੇ

June 21 2019

ਇਸ ਵਾਰ ਬਾਰਸ਼ ਦਾ ਸਿਲਸਿਲਾ ਢਿੱਲਾ ਹੀ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦੀ ਚਾਲ ਮੱਠੀ ਪੈ ਗਈ ਹੈ। ਇਸ ਲਈ ਬਾਰਸ਼ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਜੂਨ ਮਹੀਨੇ ‘ਚ ਹੁਣ ਤਕ ਬਾਰਸ਼ ਆਮ ਨਾਲੋਂ 44 ਫੀਸਦ ਘੱਟ ਹੋਈ ਹੈ। ਇਸ ਦੇ ਚੱਲਦਿਆਂ ਦੇਸ਼ ਦੇ ਕਈ ਹਿੱਸਿਆਂ ‘ਚ ਸੁੱਕੇ ਦੇ ਹਾਲਾਤ ਬਣੇ ਹੋਏ ਹਨ।

ਜੇਕਰ ਪੰਜਾਬ ਤੇ ਹਰਿਆਣਾ ਦੀ ਗੱਲ਼ ਕਰੀਏ ਤਾਂ ਪਹਿਲੀ ਤੋਂ 18 ਜੂਨ ਤਕ ਪ੍ਰੀ ਮੌਨਸੂਨ ਨੇ ਵੀ ਕੋਈ ਕਮਾਲ ਨਹੀਂ ਵਿਖਾਇਆ। ਚੰਡੀਗੜ੍ਹ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਦੋਵੇਂ ਸੂਬਿਆਂ ਦੇ ਕੁਝ ਜ਼ਿਲ੍ਹਿਆਂ ’ਚ ਪ੍ਰੀ ਮੌਨਸੂਨ ਨੇ ਭਾਵੇਂ ਜਲ-ਥਲ ਕੀਤਾ ਪਰ ਜ਼ਿਆਦਾਤਰ ਥਾਵਾਂ ਤੇ ਐਵੇਂ ਛਿੱਟੇ ਹੀ ਪਏ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਸੂਬਿਆਂ ’ਚ ਇਸ ਸਮੇਂ ਦੌਰਾਨ ਮੀਂਹ ਆਮ ਨਾਲੋਂ ਘੱਟ ਪਏ। ਇਸ ਲਈ ਅੱਗੇ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੀਂਹ ਆਮ ਨਾਲੋਂ ਘੱਟ ਪੈ ਸਕਦੇ ਹਨ।

ਜੂਨ ਦੇ ਪਹਿਲੇ 18 ਦਿਨਾਂ ਦੌਰਾਨ ਪੰਜਾਬ ’ਚ 14.9 ਮਿਲੀਮੀਟਰ ਮੀਂਹ ਪਿਆ ਜਦਕਿ ਇਹ 21.3 ਮਿਲੀਮੀਟਰ ਪੈਣਾ ਚਾਹੀਦਾ ਸੀ। ਬਰਨਾਲਾ ’ਚ 5 ਮਿਲੀਮੀਟਰ ਮੀਂਹ ਪਿਆ ਜਦਕਿ ਸਭ ਤੋਂ ਵੱਧ ਮੁਕਤਸਰ ਸਾਹਿਬ ’ਚ 33.3 ਮਿਲੀਮੀਟਰ ਬਾਰਸ਼ ਹੋਈ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 10.6 ਮਿਲੀਮੀਟਰ, ਗੁਰਦਾਸਪੁਰ ’ਚ 22.4, ਰੂਪਨਗਰ ’ਚ 4.8, ਬਠਿੰਡਾ ’ਚ 30.5 ਤੇ ਫ਼ਤਹਿਗੜ੍ਹ ਸਾਹਿਬ ’ਚ 31.2 ਮਿਲੀਮੀਟਰ ਮੀਂਹ ਪਿਆ।

ਉਧਰ, ਪੂਰੇ ਹਰਿਆਣਾ ’ਚ 16 ਮਿਲੀਮੀਟਰ ਮੀਂਹ ਪਿਆ। ਗੁੜਗਾਉਂ ’ਚ 3.6 ਮਿਲੀਮੀਟਰ, ਪਾਣੀਪਤ ’ਚ 6.8, ਯਮੁਨਾਨਗਰ ’ਚ 5.6, ਫਰੀਦਾਬਾਦ ’ਚ 5.7, ਅੰਬਾਲਾ ’ਚ 16.4, ਹਿਸਾਰ ’ਚ 36.7, ਭਿਵਾਨੀ ’ਚ 18.1 ਤੇ ਜੀਂਦ ’ਚ 20 ਮਿਲੀਮੀਟਰ ਮੀਂਹ ਪਿਆ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ