ਮੌਨਸੂਨ ਨੇ ਕੇਰਲ ’ਚ ਦਸਤਕ ਦਿੱਤੀ

June 10 2019

ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਐੱਮ ਮਹਾਪਾਤਰਾ ਨੇ ਕਿਹਾ ਕਿ ਮੌਨਸੂਨ ਅੱਜ ਕੇਰਲ ਪਹੁੰਚ ਗਿਆ ਹੈ ਤੇ ਕੇਰਲ ਦੇ ਬਹੁਤਿਆਂ ਹਿੱਸਿਆਂ ’ਚ ਭਰਵਾਂ ਮੀਂਹ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਖ਼ਬਰ ਦੇਸ਼ ਲਈ ਵੱਡੀ ਖੁਸ਼ੀ ਦੇਣ ਵਾਲੀ ਹੈ ਕਿਉਂਕਿ ਦੇਸ਼ ਦੇ ਬਹੁਤਿਆਂ ਹਿੱਸਿਆਂ ’ਚ ਖੇਤੀ ਖਰਾਬ ਹੋ ਰਹੀ ਹੈ ਅਤੇ ਪੱਛਮੀ ਤੇ ਦੱਖਣੀ ਭਾਰਤ ’ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਨੀਵਾਂ ਹੋ ਗਿਆ ਹੈ। ਖੇਤੀ ਲਈ ਸਹੂਲਤਾਂ ਦੀ ਘਾਟ ਕਾਰਨ ਭਾਰਤ ਦੀ ਪੇਂਡੂ ਵਸੋਂ ਦਾ ਵੱਡਾ ਹਿੱਸਾ ਬਰਸਾਤ ’ਤੇ ਹੀ ਨਿਰਭਰ ਕਰਦਾ ਹੈ। ਮੌਸਮ ਵਿਭਾਗ ਨੇ ਉੱਤਰੀ ਖੇਤਰਾਂ ’ਚ ਜੂਨ ਦੇ ਅਖੀਰ ਜਾਂ ਜੁਲਾਈ ਦੇ ਪਹਿਲੇ ਹਫ਼ਤੇ ’ਚ ਮੌਨਸੂਨ ਦੇ ਪਹੁੰਚਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ’ਚ ਮੌਨਸੂਨ ਪਹਿਲਾਂ ਦੀ ਭਵਿੱਖਬਾਣੀ ਤੋਂ ਦੋ-ਤਿੰਨ ਦਿਨ ਦੇਰੀ ਨਾਲ 29 ਜੂਨ ਨੂੰ ਪਹੁੰਚ ਸਕਦਾ ਹੈ। ਹਾਲਾਂਕਿ ਨਿੱਜੀ ਖੇਤਰ ਦੀ ਏਜੰਸੀ ਸਕਾਈਮੈਟ ਨੇ ਇਸ ’ਚ ਇੱਕ ਹਫ਼ਤੇ ਦੀ ਦੇਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਵਿਭਾਗ ਨੇ ਦਿੱਲੀ ਤੇ ਉੱਤਰ ਪੱਛਮੀ ਇਲਾਕਿਆਂ ਸਮੇਤ ਤਕਰੀਬਨ ਪੂਰੇ ਦੇਸ਼ ’ਚ ਮੌਨਸੂਨ ਆਮ ਵਰਗੀ ਰਹਿਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਨੇ ਪਿਛਲੇ ਮਹੀਨੇ ਦੱਖਣੀ ਪੱਛਮੀ ਮੌਨਸੂਨ ਦੇ ਕੇਰਲ ਤੱਟ ’ਤੇ ਛੇ ਜੂਨ ਨੂੰ ਪਹੁੰਚਣ ਦੀ ਪੇਸ਼ੀਨਗੋਈ ਕੀਤੀ ਸੀ, ਪਰ ਹਵਾ ’ਚ ਘੱਟ ਦਬਾਅ ਦਾ ਖੇਤਰ ਬਣਨ ’ਚ ਹੋਈ ਦੇਰੀ ਕਾਰਨ ਮੌਨਸੂਨ ਦੋ ਦਿਨ ਪੱਛੜ ਕੇ ਪਹੁੰਚਿਆ ਹੈ। ਦੇਸ਼ ’ਚ ਮੌਨਸੂਨ ਦੇ ਪੁੱਜਣ ਦੀ ਖ਼ਬਰ ਨਾਲ ਭਿਆਨਕ ਗਰਮੀ ਨਾਲ ਜੂਝ ਰਹੇ ਉੱਤਰੀ ਤੇ ਮੱਧ ਭਾਰਤ ਦੇ ਮੈਦਾਨੀ ਖੇਤਰਾਂ ਅਤੇ ਦੱਖਣੀ ਸੂਬਿਆਂ ’ਚ ਤਾਪਮਾਨ ’ਚ ਗਿਰਾਵਟ ਆਉਣ ਦੀ ਵੀ ਉਮੀਦ ਜਗੀ ਹੈ। ਮੈਦਾਨੀ ਇਲਾਕਿਆਂ ’ਚ ਇਨ੍ਹੀਂ ਦਿਨੀ ਵੱਧ ਤੋਂ ਵੱਧ ਤਾਪਮਾਨ 40 ਤੋਂ 45 ਡਿਗਰੀ ਵਿਚਾਲੇ ਚੱਲ ਰਿਹਾ ਹੈ ਜਦਕਿ ਰਾਜਸਥਾਨ ਦੇ ਚੁਰੂ ਤੇ ਨੇੜਲੇ ਇਲਾਕਿਆਂ ’ਚ ਪਾਰਾ 50 ਡਿਗਰੀ ਤੋਂ ਵੀ ਟੱਪ ਗਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ