ਮੌਨਸੂਨ ਦੀ ਮੱਧਮ ਰਫ਼ਤਾਰ, ਘੱਟ ਮੀਂਹ ਦਾ ਰਿਕਾਰਡ ਦਰਜ

June 26 2019

ਦੇਸ਼ ਦੇ ਦੱਖਣੀ ਹਿੱਸੇ ਵਿੱਚ ਆਮਦ ਮਗਰੋਂ ਮੌਨਸੂਨ ਬਹੁਤ ਮੱਧਮ ਰਫ਼ਤਾਰ ਨਾਲ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਅੱਗੇ ਵੱਧ ਰਹੀ ਹੈ। ਮੌਸਮ ਵਿਭਾਗ ਦੇ ਡੇਟਾ ਮੁਤਾਬਕ ਇਸ ਸਾਲ ਵਿਭਾਗ ਦੀਆਂ 84 ਫੀਸਦ ਸਬ ਡਿਵੀਜ਼ਨਾਂ ਵਿੱਚ ਬੇਹੱਦ ਘੱਟ ਮੀਂਹ ਦਰਜ ਕੀਤੇ ਗਏ ਹਨ।

ਉਧਰ ਕੇਂਦਰੀ ਜਲ ਕਮਿਸ਼ਨ ਤੋਂ ਮਿਲੇ ਅੰਕੜਿਆਂ ਦੀ ਮੰਨੀਏ ਤਾਂ ਮੁਲਕ ਦੇ 91 ਵੱਡੇ ਜਲ ਭੰਡਾਰਾਂ ਵਿੱਚੋਂ 80 ਫੀਸਦ ਵਿੱਚ ਪਾਣੀ ਆਮ ਨਾਲੋਂ ਘੱਟ ਹੈ। ਇਥੋਂ ਤਕ ਕਿ 11 ਜਲ ਭੰਡਾਰਾਂ ਵਿੱਚ ਪਾਣੀ ਦਾ ਭੰਡਾਰਨ ਸਿਫ਼ਰ ਫੀਸਦ ਹੈ, ਜੋ ਦੇਸ਼ ਵਿੱਚ ਪਾਣੀ ਦੀ ਕਿੱਲਤ ਨੂੰ ਦਰਸਾਉਂਦਾ ਹੈ।

ਦੇਸ਼ ਵਿੱਚ ਮੀਂਹ ਦਾ ਮੌਸਮ ਪਹਿਲੀ ਜੂਨ ਤੋਂ ਸ਼ੁਰੂ ਹੋ ਕੇ 30 ਸਤੰਬਰ ਤਕ ਚਲਦਾ ਹੈ, ਪਰ ਐਤਕੀਂ 22 ਜੂਨ ਤਕ ਬਰਸਾਤ ਵਿੱਚ ਔਸਤ 39 ਫੀਸਦ ਦੀ ਕਮੀ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਮੌਸਮ ਵਿਭਾਗ ਦੀਆਂ 39 ਸਬ-ਡਿਵੀਜ਼ਨਾਂ ਵਿੱਚੋਂ 25 ਫੀਸਦ ਨੇ ‘ਘੱਟ’ ਮੀਂਹ ਪੈਣ ਦੀ ਗੱਲ ਦਰਜ ਕੀਤੀ ਹੈ ਜਦੋਂਕਿ ਛੇ ਸਬ-ਡਿਵੀਜ਼ਨਾਂ ਵਿੱਚ ‘ਬੇਹੱਦ ਘੱਟ ਮੀਂਹ’ ਰਿਕਾਰਡ ਕੀਤੇ ਗਏ ਹਨ। ਉੜੀਸਾ ਤੇ ਲਕਸ਼ਦੀਪ ਸਬ-ਡਿਵੀਜ਼ਨਾਂ ਵਿੱਚ ‘ਸਾਧਾਰਨ’ ਮੀਂਹ ਦਰਜ ਹੋਏ ਹਨ। ਜੰਮੂ ਕਸ਼ਮੀਰ ਤੇ ਪੂਰਬੀ ਰਾਜਸਥਾਨ ਵਿੱਚ ‘ਵੱਧ’ ਤੇ ਅੰਡੇਮਾਨ ਤੇ ਨਿਕੋਬਾਰ ਦਵੀਪ ਸਮੂਹ ਵਿੱਚ ‘ਬਹੁਤ ਜ਼ਿਆਦਾ ਮੀਂਹ’ ਰਿਕਾਰਡ ਹੋਏ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ ਦੀਆਂ ਚਾਰ ਸਬ-ਡਿਵੀਜ਼ਨਾਂ- ਪੂਰਬ ਤੇ ਉੱਤਰ ਪੂਰਬ, ਦੱਖਣੀ ਪ੍ਰਾਇਦੀਪ, ਮੱਧ ਭਾਰਤ ਤੇ ਉੱਤਰ ਪੱਛਮੀ ਭਾਰਤ ਹਨ। ਵੱਡੇ ਜਲ ਸੰਕਟ ਨਾਲ ਲੜ ਰਹੇ ਚੇਨੱਈ, ਤਾਮਿਲ ਨਾਡੂ, ਪੁੱਡੂਚੇਰੀ ਤੇ ਕਰਾਈਕਲ ਸਬ-ਡਿਵੀਜ਼ਨ ਵਿੱਚ ਕਰੀਬ 38 ਫੀਸਦ ਘੱਟ ਮੀਂਹ ਪਏ ਹਨ। ਹਾਲਾਂਕਿ ਸਥਿਤੀ ਵਿੱਚ ਪਹਿਲਾਂ ਨਾਲੋਂ ਥੋੜ੍ਹਾ ਸੁਧਾਰ ਹੈ। ਮੌਸਮ ਵਿਭਾਗ ਨੇ ਅੱਜ ਜਾਰੀ ਬੁਲਿਟਨ ਵਿੱਚ ਕਿਹਾ ਕਿ ਪੂਰਬੀ ਉੱਤਰ ਪ੍ਰਦੇਸ਼, ਮੱਧ ਮਹਾਰਾਸ਼ਟਰ ਦੇ ਕੁਝ ਹਿੱਸਿਆਂ, ਮਰਾਠਵਾੜਾ ਤੇ ਵਿਦਰਭ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਨਸੂਨ ਅੱਗੇ ਵਧੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ