ਮੌਨਸੂਨ ਤੋਂ ਪਹਿਲਾਂ ਦੀ ਬਾਰਿਸ਼ ਵਿੱਚ 22 ਫ਼ੀਸਦ ਦੀ ਕਮੀ

May 21 2019

ਦੇਸ਼ ਦੇ ਕਈ ਹਿੱਸਿਆਂ ਵਿਚ ਖੇਤੀ ਲਈ ਮਹੱਤਵਪੂਰਨ ਸਮੇਂ ਮਾਰਚ ਤੋਂ ਮਈ ਮਹੀਨੇ ਤੱਕ ਮੌਨਸੂਨ ਤੋਂ ਪਹਿਲਾਂ ਦੀ ਬਾਰਿਸ਼ ਵਿਚ 22 ਫ਼ੀਸਦ ਦੀ ਕਮੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪਹਿਲੀ ਮਾਰਚ ਤੋਂ 15 ਮਈ ਤੱਕ 75.9 ਮਿਲੀਮੀਟਰ ਮੀਂਹ ਪਿਆ ਹੈ ਜੋ ਕਿ ਆਮ ਨਾਲੋਂ ਕਰੀਬ 22 ਫ਼ੀਸਦ ਘੱਟ ਹੈ। ਇਸ ਸਮੇਂ ਦੌਰਾਨ ਆਮ ਤੌਰ ’ਤੇ 96.8 ਮਿਲੀਮੀਟਰ ਮੀਂਹ ਪੈਂਦਾ ਹੈ। ਮੌਨਸੂਨ ਤੋਂ ਪਹਿਲਾਂ ਦੀ ਬਾਰਿਸ਼ ਦੇਸ਼ ਦੇ ਕੁਝ ਹਿੱਸਿਆਂ ਵਿਚ ਬਾਗ਼ਬਾਨੀ ਲਈ ਮਹੱਤਵਪੂਰਨ ਹੈ। ਉੜੀਸਾ ਵਰਗੇ ਰਾਜਾਂ ਵਿਚ ਮੌਨਸੂਨ ਤੋਂ ਪਹਿਲਾਂ ਦੇ ਮੌਸਮ ਦੌਰਾਨ ਖੇਤ ਵਾਹੇ ਜਾਂਦੇ ਹਨ ਜਦਕਿ ਦੇਸ਼ ਦੇ ਉੱਤਰ ਪੂਰਬੀ ਹਿੱਸੇ ਤੇ ਪੱਛਮੀ ਘਾਟ ਵਿਚ ਫ਼ਸਲਾਂ ਬੀਜਣ ਲਈ ਇਹ ਮਹੱਤਵਪੂਰਨ ਸਮਾਂ ਹੁੰਦਾ ਹੈ। ਮੌਸਮ ਵਿਭਾਗ ਨੇ ਇਕ ਮਾਰਚ ਤੋਂ 24 ਅਪਰੈਲ ਤੱਕ ਬਾਰਿਸ਼ ਵਿਚ 27 ਫ਼ੀਸਦ ਕਮੀ ਦਰਜ ਕੀਤੀ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੂਰਬੀ ਮੌਨਸੂਨ ਮੌਨਸੂਨ ਦੱਖਣੀ ਅੰਡੇਮਾਨ ਸਾਗਰ ਵਿਚ ਅੱਗੇ ਵੱਧ ਰਿਹਾ ਹੈ ਤੇ ਇਸ ਦੇ ਅਗਲੇ ਦੋ-ਤਿੰਨ ਦਿਨਾਂ ਵਿਚ ਉੱਤਰੀ ਅੰਡੇਮਾਨ ਸਾਗਰ ਪਹੁੰਚਣ ਦੀ ਉਮੀਦ ਹੈ। ਦੇਸ਼ ਦੇ ਦੱਖਣੀ ਇਲਾਕੇ ਵਿਚ ਮੌਨਸੂਨ ਤੋਂ ਪਹਿਲਾਂ ਦੀ ਬਾਰਿਸ਼ ਵਿਚ 46 ਫ਼ੀਸਦ ਦੀ ਕਮੀ ਦਰਜ ਕੀਤੀ ਗਈ ਹੈ ਜੋ ਕਿ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਉੱਤਰ-ਪੱਛਮੀ ਸਬ-ਡਿਵੀਜ਼ਨ ਜਿਸ ’ਚ ਸਾਰੇ ਉੱਤਰੀ ਰਾਜ ਆਉਂਦੇ ਹਨ, ਵਿਚ ਵੀ ਕਮੀ ਦਰਜ ਕੀਤੀ ਗਈ ਹੈ। ਪੂਰਬੀ ਤੇ ਉੱਤਰ ਪੂਰਬੀ ਖੇਤਰ ਵਿਚ ਸੱਤ ਫ਼ੀਸਦ ਕਮੀ ਦਰਜ ਕੀਤੀ ਗਈ ਹੈ। ਜਦਕਿ ਮੱਧ ਖੇਤਰ ਵਿਚ ਹਾਲਾਤ ਆਮ ਵਰਗੇ ਹਨ। -ਪੀਟੀਆਈ

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ