ਮੋਦੀ ਸਰਕਾਰ ਦੀ ਇਸ ਸਕੀਮ ਤਹਿਤ ਹਰ ਮਹੀਨੇ ਮਿਲਣਗੇ 3000 ਰੁਪਏ!

September 12 2019

ਮੋਦੀ ਸਰਕਾਰ ਨੇ ਇੱਕ ਮਹੀਨਾ ਪਹਿਲਾਂ ਕਿਸਾਨਾਂ ਲਈ ਪੇਨਸ਼ਨ ਯੋਜਨਾ ਸ਼ੁਰੂ ਕੀਤੀ ਸੀ। ਕੇਂਦਰੀ ਖੇਤੀ ਵਿਭਾਗ ਮੁਤਾਬਕ ਇਸ ਵਿੱਚ ਸ਼ੁੱਕਰਵਾਰ ਦੁਪਹਿਰ ਤਕ 8.36 ਲੱਖ ਕਿਸਾਨਾਂ ਨੇ ਰਜਿਸਟਰੇਸ਼ਨ ਕਰਵਾ ਲਿਆ ਸੀ। ਇਹਨਾਂ ਕਿਸਾਨਾਂ ਨੇ ਆਪਣਾ ਬੁਢਾਪਾ ਸੁਰੱਖਿਆ ਕਰਵਾ ਲਿਆ ਹੈ। ਪ੍ਰਧਾਨ ਮੰਤਰੀ ਮਾਨਧਨ ਯੋਜਨਾ ਤਹਿਤ 9 ਅਗਸਤ ਨੂੰ ਰਜਿਸਟਰੇਸ਼ਨ ਸ਼ੁਰੂ ਹੋਇਆ ਸੀ। ਯਾਨੀ ਹਰ ਰੋਜ਼ ਲਗਭਗ 27 ਹਜ਼ਾਰ ਕਿਸਾਨ ਪੈਨਸ਼ਨ ਲਈ ਕੇਂਦਰ ਸਰਕਾਰ ਦੀ ਇਸ ਯੋਜਨਾ ਨਾਲ ਜੁੜ ਰਹੇ ਹਨ।

ਅੱਧਾ ਪ੍ਰੀਮੀਅਮ ਮੋਦੀ ਸਰਕਾਰ ਦੇ ਰਹੀ ਹੈ, ਅੱਧਾ ਤੁਹਾਨੂੰ ਦੇਣਾ ਪਵੇਗਾ। ਜਦੋਂ ਚਾਹੋਂ ਉਦੋਂ ਹੀ ਤੁਸੀਂ ਇਸ ਸਕੀਮ ਤੋਂ ਬਾਹਰ ਵੀ ਆ ਸਕਦੇ ਹੋ। ਜੇ ਪਾਲਿਸੀ ਹੋਲਡਰ ਕਿਸਾਨ ਦੀ ਮੌਤ ਹੋ ਗਈ ਹੈ ਤਾਂ ਉਸ ਦੀ ਪਤਨੀ ਨੂੰ 50 ਫ਼ੀਸਦੀ ਰਕਮ ਮਿਲਦੀ ਰਹੇਗੀ। ਐਲਆਈਸੀ ਕਿਸਾਨਾਂ ਦੇ ਪੈਨਸ਼ਨ ਫੰਡ ਨੂੰ ਮੈਨੇਜ ਕਰੇਗਾ। ਦਸ ਦਈਏ ਕਿ ਜਿੰਨਾ ਪ੍ਰੀਮੀਅਮ ਕਿਸਾਨ ਦੇਵੇਗਾ ਉੰਨੀ ਹੀ ਰਾਸ਼ੀ ਸਰਕਾਰ ਵੀ ਦੇਵੇਗੀ। ਇਸ ਦਾ ਨਿਊਨਤਮ ਪ੍ਰੀਮੀਅਮ 55 ਅਤੇ ਵੱਧ ਤੋਂ ਵੱਧ 200 ਰੁਪਏ ਹੈ।

ਜੇ ਕੋਈ ਵਿਚ ਹੀ ਪਾਲਿਸੀ ਛੱਡਣਾ ਚਾਹੁੰਦਾ ਹੈ ਤਾਂ ਜਮ੍ਹਾਂ ਰਾਸ਼ੀ ਅਤੇ ਵਿਆਜ ਉਸ ਕਿਸਾਨ ਨੂੰ ਮਿਲ ਜਾਵੇਗੀ। ਜੇ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਪਤਨੀ ਨੂੰ 1500 ਰੁਪਏ ਪ੍ਰਤੀ ਮਹੀਨੇ ਮਿਲਣਗੇ। ਇਸ ਪੈਨਸ਼ਨ ਸਕੀਮ ਤਹਿਤ ਪਹਿਲੇ ਪੜਾਅ ਵਿਚ 5 ਕਰੋੜ ਕਿਸਾਨਾਂ ਨੂੰ 60 ਸਾਲ ਹੋਣ ਤੋਂ ਬਾਅਦ 3000 ਰੁਪਏ ਬਤੌਰ ਪੈਨਸ਼ਨ ਦਿੱਤੀ ਜਾਵੇਗੀ। ਸਰਕਾਰ ਨੇ ਇਸ ਦਾ ਲਾਭ ਸਾਰੇ 12 ਕਰੋੜ ਲਘੂ ਅਤੇ ਸੀਮਾਂਤ ਕਿਸਾਨਾਂ ਨੂੰ ਦੇਣ ਦਾ ਵਿਚਾਰ ਬਣਾਇਆ ਹੈ।

ਲਘੂ ਅਤੇ ਸੀਮਾਂਤ ਕਿਸਾਨ ਉਹ ਹਨ ਜਿਹਨਾਂ ਕੋਲ 2 ਹੈਕਟੇਅਰ ਤਕ ਦੀ ਖੇਤੀ ਯੋਗ ਜ਼ਮੀਨ ਹੈ। ਕੇਂਦਰੀ ਖੇਤੀ ਵਿਭਾਗ ਦੇ ਸੰਯੁਕਤ ਸਕੱਤਰ ਰਾਜਵੀਰ ਸਿੰਘ ਦੇ ਮੁਤਾਬਕ ਰਜਿਸਟਰੇਸ਼ਨ ਲਈ ਕੋਈ ਫੀਸ ਨਹੀਂ ਲੱਗੇਗੀ। ਜੇ ਕੋਈ ਕਿਸਾਨ ਪੀਐਮ ਕਿਸਾਨ ਸਨਮਾਨ ਨਿਧੀ ਦਾ ਲਾਭ ਲੈ ਰਿਹਾ ਹੈ ਤਾਂ ਉਸ ਕੋਲੋਂ ਇਸ ਦੇ ਲਈ ਕੋਈ ਦਸਤਾਵੇਜ਼ ਨਹੀਂ ਲਿਆ ਜਾਵੇਗਾ। ਇਸ ਯੋਜਨਾ ਤਹਿਤ ਕਿਸਾਨ ਪੀਐਮ ਕਿਸਾਨ ਸਕੀਮ ਤੋਂ ਪ੍ਰਾਪਤ ਲਾਭ ਵਿਚੋਂ ਸਿੱਧਾ ਹੀ ਯੋਗਦਾਨ ਦੇਣ ਦਾ ਵਿਕਲਪ ਚੁਣ ਸਕਦਾ ਹੈ।

ਇਸ ਤਰ੍ਹਾਂ ਉਸ ਨੂੰ ਸਿੱਧੇ ਆਪਣੀ ਜੇਬ ਵਿਚੋਂ ਪੈਸਾ ਨਹੀਂ ਖਰਚ ਕਰਨਾ ਪਵੇਗਾ। ਹਾਲਾਂਕਿ ਆਧਾਰ ਕਾਰਡ ਸਭ ਲਈ ਜ਼ਰੂਰੀ ਹੈ। ਜੇ ਕੋਈ ਕਿਸਾਨ ਵਿਚ ਹੀ ਸਕੀਮ ਛੱਡਣਾ ਚਾਹੁੰਦਾ ਹੈ ਤਾਂ ਉਸ ਦਾ ਪੈਸਾ ਨਹੀਂ ਡੁੱਬੇਗਾ। ਉਸ ਦੇ ਸਕੀਮ ਛੱਡਣ ਤਕ ਜੋ ਪੈਸੇ ਜਮ੍ਹਾਂ ਕੀਤੇ ਹੋਣਗੇ ਉਸ ਤੇ ਬੈਂਕਾਂ ਦੇ ਸੇਵਿੰਗ ਅਕਾਉਂਟ ਦੇ ਬਰਾਬਰ ਦਾ ਵਿਆਜ ਮਿਲੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਮੈਨ