ਮੋਦੀ ਦੀ ਪਹਿਲੀ ਕੈਬਨਿਟ ਬੈਠਕ ਚ ਵੱਡਾ ਫ਼ੈਸਲਾ,ਕਿਸਾਨ ਸਨਮਾਨ ਸਭ ਨੂੰ, 60 ਸਾਲਾਂ ਬਾਅਦ 3000 ਰੁਪਏ ਮਹੀਨਾ ਪੈਨਸ਼ਨ ਵੀ

June 01 2019

ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਆਪਣੀ ਪਹਿਲੀ ਬੈਠਕ ਚ ਪੀਐੱਮ ਮੋਦੀ ਨੇ ਕਿਸਾਨਾਂ ਲਈ ਵੱਡੀ ਸੌਗਾਤ ਦਿੱਤੀ ਹੈ। ਪੀਐੱਮ ਕਿਸਾਨ ਸਨਮਾਨ ਫੰਡ ਯੋਜਨਾ ਤਹਿਤ ਹੁਣ ਸਾਰੇ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਮਿਲਣਗੇ। ਇਸ ਤੋਂ ਇਲਾਵਾ ਕਿਸਾਨਾਂ ਲਈ ਪੈਨਸ਼ਨ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ। ਪੀਐੱਮ ਕਿਸਾਨ ਯੋਜਨਾ ਪਹਿਲਾਂ ਸਿਰਫ਼ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਸੀ ਪਰ ਭਾਜਪਾ ਨੇ ਆਪਣੇ ਚੋਣ ਸੰਕਲਪ ਪੱਤਰ ਚ ਇਸ ਯੋਜਨਾ ਚ ਸਾਰੇ ਕਿਸਾਨਾਂ ਨੂੰ ਸ਼ਾਮਲ ਕਰਨ ਦਾ ਵਾਅਦਾ ਕੀਤਾ ਸੀ, ਜਿਸ ਤੇ ਪਹਿਲੀ ਹੀ ਕੈਬਨਿਟ ਬੈਠਕ ਚ ਮੋਹਰ ਲਗਾਈ ਗਈ।

ਕਿਸਾਨਾਂ ਅਤੇ ਛੋਟੇ ਵਪਾਰੀਆਂ ਲਈ ਪੈਨਸ਼ਨ ਯੋਜਨਾ

ਕਿਸਾਨਾਂ ਅਤੇ ਛੋਟੇ ਵਪਾਰੀਆਂ ਲਈ ਪੈਨਸ਼ਨ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦਾ ਭਾਜਵਾ ਦੇ ਸੰਕਲਪ ਪੱਤਰ ਚ ਵਾਅਦਾ ਕੀਤਾ ਗਿਆ ਸੀ। ਪੈਨਸ਼ਨ ਯੋਜਨਾ ਤਹਿਤ 18 ਤੋਂ 40 ਸਾਲ ਉਮਰ ਦੇ ਲੋਕਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਪ੍ਰਤੀ ਮਹੀਨਾ 3 ਹਜ਼ਾਰ ਰੁਪਏ ਪੈਨਸ਼ਨ ਮਿਲੇਗੀ। ਇਸ ਯੋਜਨਾ ਚ 10 ਹਜ਼ਾਰ ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਪੈਨਸ਼ਨ ਸਕੀਮ ਤਹਿਤ 18 ਸਾਲ ਦੀ ਉਮਰ ਦੇ ਵਿਅਕਤੀ ਨੂੰ 55 ਰੁਪਏ ਪ੍ਰਤੀ ਮਹੀਨੇ ਦਾ ਯੋਗਦਾਨ ਦੇਣਾ ਪਵੇਗਾ।

ਕੈਬਨਿਟ ਚ ਫ਼ੈਸਲਾ ਲਿਆ ਗਿਆ ਹੈ ਕਿ 17 ਜੂਨ ਤੋਂ ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੋਵੇਗਾ। ਇਸ ਚ ਬਜਟ ਪੇਸ਼ ਹੋਵੇਗਾ। ਜਾਣਕਾਰੀ ਅਨੁਸਾਰ, 19 ਜੂਨ ਨੂੰ ਸਦਨ ਦੇ ਸਪੀਕਰ ਦੀ ਚੋਣ ਹੋਵੇਗੀ। ਬੈਠਕ ਤੋਂ ਬਾਅਦ ਨੇਤਾ ਬਾਹਰ ਨਿਕਲਣ ਲੱਗੇ ਹਨ। ਨਵੇਂ ਕੈਬਨਿਟ ਦੀ ਇਸ ਬੈਠਕ ਚ ਵੱਡਾ ਫ਼ੈਸਲਾ ਲੈਂਦੇ ਹੋਏ ਸਰਕਾਰ ਨੇ ਰਾਸ਼ਟਰੀ ਰੱਖਿਆ ਫੰਡ ਤਹਿਤ ਪ੍ਰਧਾਨ ਮੰਤਰੀ ਸਕਾਲਰਸ਼ਿਪ ਯੋਜਨਾ ਚ ਇੱਕ ਵੱਡੇ ਬਦਲਾਅ ਨੂੰ ਮਨਜੂਰੀ ਦਿੱਤੀ ਹੈ। ਇਸ ਯੋਜਨਾ ਚ ਨਕਸਲੀ ਅਤੇ ਅੱਤਵਾਦੀ ਹਮਲੇ ਚ ਸ਼ਹੀਦ ਵਾਲੇ ਰਾਜ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਬੱਚਿਆਂ ਵੀ ਸ਼ਾਮਲ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ 8000 ਮਹਿਮਾਨਾਂ ਦੀ ਮੌਜੂਦਗੀ ਚ ਦੂਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ ਨੇ ਵੀ ਸਹੁੰ ਚੁੱਕੀ। ਇਸ ਸਮਾਗਮ ਤੋਂ ਬਾਅਦ ਯਾਨੀ ਅੱਜ ਸ਼ੁੱਕਰਵਾਰ ਨੂੰ ਦਿੱਲੀ ਚ ਮੋਦੀ ਕੈਬਨਿਟ ਦੀ ਪਹਿਲੀ ਬੈਠਕ ਹੋਵੇਗੀ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀਆਂ ਨੂੰ ਮਹਿਕਮੇ ਵੰਡ ਦਿੱਤੇ ਗਏ। ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲਾ, ਰਾਜਨਾਥ ਨੂੰ ਰੱਖਿਆ ਮੰਤਰਾਲਾ, ਸੀਤਾਰਮਣ ਨੂੰ ਵਿੱਤ ਮੰਤਰਾਲਾ ਅਤੇ ਐੱਸ ਜੈਸ਼ੰਕਰ ਵਿਦੇਸ਼ ਮੰਤਰਾਲੇ ਦਾ ਕਾਰਜਭਾਰ ਸੌਂਪਿਆ ਗਿਆ ਹੈ। ਹਰਸਿਮਰਤ ਕੌਰ ਬਾਦਲ ਦਾ ਮਹਿਕਮਾ ਬਰਕਰਾਰ ਰਿਹਾ। ਇਸ ਵਾਰ ਵੀ ਉਨ੍ਹਾਂ ਦੇ ਹਿੱਸੇ ਫੂਡ ਪ੍ਰੋਸੈਸਿੰਗ ਮੰਤਰਾਲਾ ਆਇਆ ਹੈ।

ਦੱਸ ਦੇਈਏ ਕਿ ਵੀਰਵਾਰ ਨੂੰ ਹਲਫ਼ਦਾਰੀ ਸਮਾਗਮ ਚ ਮੋਦੀ ਨਾਲ 57 ਮੰਤਰੀਆਂ ਨੇ ਸਹੁੰ ਚੁੱਕੀ। ਇਨ੍ਹਾਂ ਚ 24 ਕੈਬਨਿਟ ਮੰਤਰੀ, 24 ਰਾਜ ਮੰਤਰੀ ਅਤੇ 9 ਰਾਜ ਮੰਤਰੀ (ਸੁਤੰਤਰ ਪ੍ਰਭਾਵੀ) ਸ਼ਾਮਲ ਹਨ। ਹਲਫ਼ ਲੈਣ ਵਾਲੇ 20 ਚਿਹਰੇ ਮੋਦੀ ਸਰਕਾਰ ਚ ਪਹਿਲੀ ਵਾਰ ਮੰਤਰੀ ਬਣਾਏ ਗਏ ਹਨ।

-ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ- ਰਾਸ਼ਟਰਪਤੀ ਰਾਮਨਾਥ ਕੋਵਿੰਦ 20 ਜੂਨ ਨੂੰ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। 4 ਜੁਲਾਈ ਨੂੰ ਆਰਥਿਕ ਸਰਵੇਖਣ ਜਾਰੀ ਕੀਤਾ ਜਾਵੇਗਾ।

-ਪਸ਼ੂਆਂ ਦਾ ਟੀਕਾਕਰਨ ਕਰਵਾਏਗੀ ਕੇਂਦਰ ਸਰਕਾਰ।

-ਵਪਾਰੀਆਂ ਲਈ ਪੈਨਸ਼ਨ ਦੀ ਯੋਜਨਾ, ਇਸ ਨਾਲ ਤਿੰਨ ਕਰੋੜ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਫਾਇਦਾ ਹੋਵੇਗਾ।

-17 ਜੂਨ ਤੋਂ 26 ਜੁਲਾਈ ਤੱਕ ਸੰਸਦ ਦਾ ਸੈਸ਼ਨ, 40 ਦਿਨਾਂ ਤੱਕ ਸਦਨ ਚੱਲੇਗਾ। 5 ਜੁਲਾਈ ਨੂੰ ਸਰਕਾਰ ਪੇਸ਼ ਕਰੇਗੀ ਬਜਟ।

-ਇਸ ਯੋਜਨਾ ਨਾਲ 14.5 ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ।

-ਹੁਣ ਸਾਰੇ ਕਿਸਾਨਾਂ ਨੂੰ ਮਿਲੇਗਾ ਪੀਐੱਮ ਕਿਸਾਨ ਸਨਮਾਨ ਯੋਜਨਾ ਦਾ ਲਾਭ-ਨਰਿੰਦਰ ਸਿੰਘ ਤੋਮਰ, ਕੇਂਦਰੀ ਮੰਤਰੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ