ਮੋਗਾ ਚ ਹਰ ਸਾਲ ਡਿੱਗ ਰਿਹਾ ਪਾਣੀ ਦਾ ਪੱਧਰ ਬਣਿਆ ਚਿੰਤਾ ਦਾ ਵਿਸ਼ਾ

June 18 2019

ਪੰਜ ਤੋਂ ਢਾਈ ਦਰਿਆਵਾਂ ਦੀ ਧਰਤੀ ਬਣ ਚੁੱਕਾ ਚੜ੍ਹਦਾ ਪੰਜਾਬ ਹੌਲੀ-ਹੌਲੀ ਬੰਜਰ ਬਣਨ ਵੱਲ ਵੱਧ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਸਾਲ ਦਰ ਸਾਲ ਹੋਰ ਥੱਲੇ ਜਾ ਰਿਹਾ ਹੈ। ਸੂਬੇ ਕਈ ਜ਼ਿਲ੍ਹੇ ਵਿਸ਼ੇਸ਼ ਕਰ ਕੇ ਮਾਲਵੇ ਦੀ ਨਰਮਾ ਪੱਟੀ ਅਧੀਨ ਆਉਂਦੇ ਖੇਤਰ ਚ ਧਰਤੀ ਹੇਠਲਾ ਪਾਣੀ ਇਸ ਕਦਰ ਥੱਲੇ ਚਲਾ ਗਿਆ ਹੈ ਕਿ ਇਹ ਜ਼ਿਲ੍ਹੇ ਡਾਰਕ ਜ਼ੋਨ ਵਿਚ ਆ ਗਏ ਹਨ। ਪਿਛਲੇ ਸਾਲਾਂ ਦੌਰਾਨ ਜਿਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਿਆ ਹੈ, ਉਥੇ ਹੀ ਇਸ ਦੇ ਉਲਟ ਪੰਜਾਬ ਅੰਦਰ ਝੋਨੇ ਦਾ ਰਕਬਾ ਵਧਿਆ ਹੈ। ਝੋਨੇ ਹੇਠ ਵਧਦਾ ਰਕਬਾ ਪੰਜਾਬ ਦੇ ਲੋਕਾਂ ਲਈ ਖਤਰੇ ਦੀ ਘੰਟੀ ਹੈ।

ਪੰਜਾਬ ਚ ਝੋਨਾ ਲਗਾਉਣਾ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਮੋਗਾ ਜ਼ਿਲ੍ਹੇ ਚ ਪਾਣੀ ਦੇ ਡਿੱਗ ਰਹੇ ਪੱਧਰ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਗਾ ਜ਼ਿਲ੍ਹੇ ਦੇ ਪੰਜ ਬਲਾਕਾਂ ਮੋਗਾ-1, ਮੋਗਾ-2, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਕੋਟ ਈਸੇ ਖਾਂ ਡਾਰਕ ਜ਼ੋਨ ਵਿਚ ਆ ਗਏ ਹਨ। ਸਰਕਾਰੀ ਅੰਕੜਿਆਂ ਮੁਤਾਬਕ ਪਾਣੀ ਦਾ ਪੱਧਰ ਹਰ ਸਾਲ ਇਕ ਮੀਟਰ ਹੇਠਾਂ ਜਾ ਰਿਹਾ ਹੈ।

ਖੇਤੀਬਾੜੀ ਵਿਭਾਗ ਵਲੋਂ ਪ੍ਰਰਾਪਤ ਅੰਕੜਿਆਂ ਮੁਤਾਬਕ ਪਿਛਲੇ ਸਾਲ ਪੰਜਾਬ ਵਿਚ ਝੋਨੇ ਹੇਠ ਕੁਲ ਰਕਬਾ 30,65,000 ਹੈਕਟੇਅਰ ਸੀ (ਇਸ ਚ 5,46,000 ਬਾਸਮਤੀ ਤੇ 25,19,00 ਗੈਰ-ਬਾਸਮਤੀ ਸ਼ਾਮਲ ਹੈ) ਅਤੇ ਇਸ ਸਾਲ 2018-19 ਦੇ ਸੀਜ਼ਨ ਵਿਚ 31,03,000 ਹੈਕਟੇਅਰ ਰਕਬੇ ਵਿਚ ਝੋਨਾ ਬੀਜਿਆ ਜਾਣਾ ਹੈ, ਜਿਸ ਵਿਚੋਂ ਕੁੱਲ 1,91,27,000 ਮੀਟ੍ਰਿਕ ਟਨ ਝੋਨੇ ਦੇ ਪੈਦਾਵਾਰ ਹੋਣ ਦਾ ਅਨੁਮਾਨ ਹੈ।

ਜੇ ਝੋਨੇ ਦੇ ਸੀਜ਼ਨ ਦੌਰਾਨ ਹੋਣ ਵਾਲੀ ਪਾਣੀ ਦੀ ਵਰਤੋਂ ਦਾ ਹਿਸਾਬ ਲਾਇਆ ਜਾਵੇ ਤਾਂ ਇਕ ਕਿੱਲੋ ਚੌਲ ਪੈਦਾ ਕਰਨ ਲਈ 600 ਲੀਟਰ ਪਾਣੀ ਦੀ ਖਪਤ ਹੁੰਦੀ ਹੈ। ਜੇਕਰ ਝੋਨੇ ਦੇ ਹਰ ਸੀਜ਼ਨ ਦੌਰਾਨ ਏਦਾਂ ਅਰਬਾਂ ਲੀਟਰ ਪਾਣੀ ਦੀ ਵਰਤੋਂ ਹੁੰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਰੇਗਿਸਤਾਨ ਦਾ ਰੂਪ ਧਾਰ ਜਾਵੇਗਾ।ਕੇਂਦਰ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਲੁੱਟਿਆ ਗਿਆ। ਪੰਜਾਬ ਦੇ ਕਿਸਾਨਾਂ ਦੀ ਪਾਣੀ ਲਈ ਨਿਰਭਰਤਾ ਟਿਊਬਵੈਲਾਂ ਉਪਰ ਵਧੇਰੇ ਹੋਣ ਕਾਰਨ ਧਰਤੀ ਹੇਠਲਾ ਪਾਣੀ ਖ਼ਤਰਨਾਕ ਹੱਦ ਤਕ ਹੇਠਾਂ ਚਲਾ ਗਿਆ।

ਪੰਜਾਬ ਦੇ ਤਿੰਨ-ਚੌਥਾਈ ਤੋਂ ਵੀ ਵੱਧ ਬਲਾਕਾਂ ਵਿਚ ਧਰਤੀ ਹੇਠਲੇ ਪਾਣੀ ਦੀ ਸਤਹਿ ਲਗਾਤਾਰ ਹੇਠਾਂ ਜਾ ਰਹੀ ਹੈ, ਕਿਉਂਕਿ ਵੱਧ ਅਨਾਜ/ਫ਼ਸਲਾਂ ਪੈਦਾ ਕਰਨ ਲਈ ਸਿੰਚਾਈ ਵਾਲੇ ਪਾਣੀ ਦੀ ਉਪਲੱਬਧ ਮਾਤਰਾ ਦੇ ਮੁਕਾਬਲੇ ਕਿਤੇ ਵੱਧ ਵਰਤੋਂ ਹੋ ਰਹੀ ਹੈ। ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਕੇਂਦਰੀ ਪੰਜਾਬ ਦੇ ਸੰਗਰੂਰ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਬਰਨਾਲਾ, ਮੋਗਾ ਜ਼ਿਲ੍ਹਿਆਂ ਅਤੇ ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਕੁਝ ਭਾਗਾਂ ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਨੂੰ ਭਿਆਨਕ ਦਸਿਆ ਹੈ।

1970-71 ਵਿਚ ਟਿਊਬਵੈਲਾਂ ਦੀ ਗਿਣਤੀ 1.92 ਲੱਖ ਸੀ, ਜੋ ਸਾਲ 2009-10 ਵਿਚ ਵੱਧ ਕੇ 13.15 ਲੱਖ ਹੋ ਗਈ। ਧਰਤੀ ਹੇਠਲੇ ਪਾਣੀ ਦੀ ਪਾਣੀ ਤੋਂ ਲੋੜੋਂ ਵੱਧ ਵਰਤੋਂ ਹੋਣ ਕਰ ਕੇ ਹੁਣ ਪੰਜਾਬ ਦੇ ਬਹੁਤੇ ਹਿਸਿਆਂ ਵਿਚ ਸਿੰਚਾਈ ਅਤੇ ਘਰਾਂ ਦੀ ਵਰਤੋਂ ਲਈ ਪਾਣੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬ ਜਾਂ ਕੇਂਦਰ ਸਰਕਾਰ ਨੇ ਹਾਲੇ ਤਕ ਇਸ ਦਿਸ਼ਾ ਵਿਚ ਕਦਮ ਨਹੀਂ ਚੁੱਕਿਆ। ਦਰਿਆਈ ਪਾਣੀਆਂ ਦੀ ਵੰਡ ਦੇ ਮਾਮਲੇ ਵਿਚ ਵੀ ਪੰਜਾਬ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਇਸ ਕਾਰਨ ਪੰਜਾਬ ਹੌਲੀ-ਹੌਲੀ ਉਜਾੜੇ ਵੱਲ ਵੱਧ ਰਿਹਾ ਹੈ। ਜੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਨਾ ਘਟਾਈ ਗਈ ਅਤੇ ਖੇਤੀ ਲੋੜਾਂ ਲਈ ਯੋਗ ਮਾਤਰਾ ਵਿਚ ਦਰਿਆਈ ਪਾਣੀ ਮੁਹੱਈਆ ਨਾ ਕਰਵਾਇਆ ਗਿਆ ਤਦ ਹਾਲਾਤ ਹੋਰ ਬਦਤਰ ਬਣ ਜਾਣਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ