ਮੀਂਹ ਤੋਂ ਬਾਅਦ ਹੁਣ ਸੰਘਣੀ ਧੁੰਦ ਨੇ ਲੋਕਾਂ ਨੂੰ ਕਾਂਬਾ ਛੇੜਿਆ

December 17 2019

ਸੂਬੇ ਸਮੇਤ ਇਲਾਕੇ ਅੰਦਰ ਦੋ ਦਿਨ ਪਏ ਭਾਰੀ ਮੀਂਹ ਬਾਅਦ ਅੱਜ ਪਈ ਸੰਘਣੀ ਧੁੰਦ ਕਾਰਨ ਵਧੀ ਠੰਢ ਨੇ ਲੋਕਾਂ ਨੂੰ ਕਾਂਬਾ ਛੇੜ ਦਿੱਤਾ ਹੈ। ਸੰਘਣੀ ਧੁੰਦ ਦੇ ਕਾਰਨ ਸਮੁੱਚਾ ਇਲਾਕਾ ਦੁਪਹਿਰ ਤੱਕ ਧੁੰਦਲੀ ਚਾਦਰ ਵਿੱਚ ਲਪੇਟਿਆ ਰਿਹਾ ਅਤੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਲੋਕਾਂ ਨੂੰ ਬਾਰਸ਼ ਤੋਂ ਹੁਣ ਰਾਹਤ ਹੈ ਪਰ ਹੁਣ ਇਲਾਕੇ ਨੂੰ ਸੰਘਣੀ ਧੁੰਦ ਨੇ ਆਪਣੀ ਚਾਦਰ ਵਿੱਚ ਲਪੇਟ ਲਿਆ ਹੈ। ਸੰਘਣੀ ਧੁੰਦ ਕਾਰਨ ਵਾਹਨਾਂ ਚਾਲਕਾਂ ਨੂੰ ਸਵੇਰੇ ਹੀ ਬੱਤੀਆਂ ਜਗਾ ਕੇ ਚੱਲਣਾ ਪਿਆ। 50 ਫੁੱਟ ਦੂਰੀ ਉੱਤੇ ਵੀ ਅੱਗੇ ਕੁਝ ਨਜ਼ਰ ਨਹੀਂ ਆ ਰਿਹਾ ਸੀ। ਇਸੇ ਤਰ੍ਹਾਂ ਠੰਢ ਕਾਰਨ ਠੁਰ-ਠੁਰ ਕਰ ਰਹੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਰਿਹਾ ਹੈ। ਸਕੂਲੀ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅਜਿਹੀ ਸਥਿਤੀ ਨੂੰ ਮੱਦੇਨਜ਼ਰ ਗੁਰਦਾਸਪੁਰ ਦੇ ਦਿੱਲੀ ਪਬਲਿਕ ਸਕੂਲ ਨੇ ਸਵੇਰ ਦਾ ਸਮਾਂ 9 ਤੋਂ ਹੁਣ 9.30 ਵੱਜੇ ਦਾ ਕਰਕੇ ਬੱਚਿਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਨੂੰ ਵੇਖਦਿਆਂ ਮਾਪਿਆਂ ਨੇ ਸਕੂਲਾਂ ਵਿੱਚ ਛੁੱਟੀਆਂ ਕਰਨ ਦੀ ਮੰਗ ਕੀਤੀ ਹੈ।

ਪਠਾਨਕੋਟ (ਐੱਨ.ਪੀ.ਧਵਨ) : ਅੱਜ ਪਠਾਨਕੋਟ ਸ਼ਹਿਰ ਅੰਦਰ ਸਾਰਾ ਦਿਨ ਧੁੰਦ ਛਾਈ ਰਹੀ। ਪਾਰਾ ਡਿੱਗਣ ਨਾਲ ਲੋਕ ਬਾਜ਼ਾਰਾਂ ਵਿੱਚ ਸਾਰਾ ਦਿਨ ਅੱਗ ਸੇਕਦੇ ਦੇਖੇ। ਦਿਨ ਵੇਲੇ ਰੋਸ਼ਨੀ ਘੱਟ ਹੋਣ ਕਾਰਨ ਇਸ ਦਾ ਅਸਰ ਟਰੈਫਿਕ ਉਪਰ ਵੀ ਪਿਆ।

ਹਾਈਵੇਅ ਉਪਰ ਵਾਹਨ ਚਾਲਕ ਦਿਨ ਭਰ ਲਾਈਟਾਂ ਚਲਾ ਕੇ ਵਾਹਨ ਲੈ ਕੇ ਜਾਣ ਨੂੰ ਮਜਬੂਰ ਹੋਏ। ਮੁੱਖ ਮਾਰਗਾਂ ਤੇ ਲਿੰਕ ਮਾਰਗਾਂ ਉਪਰ ਵੀ ਸਥਿਤੀ ਕਾਫੀ ਖਰਾਬ ਸੀ। ਮਹਿਜ਼ 100 ਮੀਟਰ ਅੱਗੇ ਵਾਹਨਾਂ ਦੀ ਸਥਿਤੀ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਰਿਹਾ ਸੀ। ਰੇਲਵੇ ਸਟੇਸ਼ਨ ਦਾ ਪਲੇਟਫਾਰਮ ਵੀ ਧੁੰਦ ਦੀ ਲਪੇਟ ਵਿੱਚ ਛਾਇਆ ਹੋਇਆ ਸੀ। ਸੂਰਜ ਦੇ ਦਰਸ਼ਨ ਨਾ ਹੋਣ ਅਤੇ ਸ਼ੀਤ ਲਹਿਰ ਕਾਰਨ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ। ਸੋਮਵਾਰ ਇਸ ਸਾਲ ਦਾ ਹੁਣ ਤੱਕ ਦਾ ਸਭ ਤੋਂ ਠੰਢਾ ਦਿਨ ਗਿਣਿਆ ਗਿਆ। ਸਿਵਲ ਹਸਪਤਾਲ ਦੇ ਐਸਐਮਓ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਸਰਦੀ ਵਿੱਚ ਸਿਹਤ ਨੂੰ ਲੈ ਕੇ ਜ਼ਿਆਦਾ ਚੌਕਸ ਰਹਿਣ ਦੀ ਜ਼ਰੂਰਤ ਹੁੰਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ