ਮਿੱਟੀ ਦੇ ਨਮੂਨੇ ਲੈ ਕੇ ਹਰ ਛੇ ਏਕੜ ’ਚ ਨੌਂ ਤੱਤਾਂ ਦੀ ਕੀਤੀ ਪਛਾਣ

June 25 2019

ਸੂਬੇ ’ਚ ਇਨਸਾਨ, ਪਸ਼ੂ-ਪੰਛੀਆਂ ਤੋਂ ਇਲਾਵਾ ਮਿੱਟੀ ਦੀ ਸਿਹਤ ਦਾ ਖ਼ਿਆਲ ਰੱਖਣ ਲਈ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਵਿਭਾਗ ਪਟਿਆਲਾ ਨੇ ਜ਼ਿਲ੍ਹੇ ’ਚ ਮਿੱਟੀ ਦੇ ਨਮੂਨੇ ਲੈਣ ਦੇ ਕੰਮ ਦੇ ਦੋ ਪੜਾਅ ਪੂਰੇ ਕਰ ਲਏ ਹਨ।

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਇਥੇ ਕੀਤੀ ਮੀਟਿੰਗ ਦੌਰਾਨ ਦੱਸਿਆ ਕਿ ਹੁਣ ਹਰ ਛੇ ਏਕੜ ’ਚ ਮਿੱਟੀ ’ਚ ਮੌਜੂਦ ਨੌਂ ਤੱਤਾਂ ਦੀ ਜਾਂਚ ਕੀਤੀ ਗਈ ਹੈ। ਬੀਤੇ ਵਰ੍ਹੇ ਹਰ 12 ਏਕੜ ’ਤੇ ਮਿੱਟੀ ਦੇ ਨਮੂਨੇ ਲਏ ਏ ਸਨ। ਮਿੱਟੀ ਦੇ ਨਮੂਨਿਆਂ ਦੀ ਜਾਂਚ ਤੋਂ ਬਾਅਦ ਖੇਤ ’ਚ ਮੌਜੂਦ ਗੁਣਵੱਤਾ ਦੇ ਅਧਾਰ ’ਤੇ ਹੀ ਖਾਦ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਹੜੇ ਪਿੰਡ ਦੀ ਮਿੱਟੀ ’ਚ ਕਿੰਨਾ ਸਲਫਰ, ਔਰਗੈਨਿਕ ਕਾਰਬਨ, ਫਾਸਫੋਰਸ, ਪੋਟਾਸ਼, ਜ਼ਿੰਕ, ਲੋਹਾ, ਮੈਗਨੀਜ਼ ਤੇ ਪੀਐਚ ਵੈਲਿਊ ਹੈ ,ਇਹ ਸਾਰਾ ਕੰਮ ਪੂਰਾ ਕਰ ਲਿਆ ਗਿਆ ਹੈ। ਹੁਣ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਆਪਣੀ ਜ਼ਮੀਨ ’ਚ ਮੌਜੂਦ ਤੱਤਾਂ ਦੇ ਆਧਾਰ ’ਤੇ ਹੀ ਖਾਦ ਦਾ ਇਸਤੇਮਾਲ ਕਰਨ। ਖੇਤੀਬਾੜੀ ਵਿਭਾਗ ਵੱਲੋਂ ਗੁਣਵੱਤਾ ਦੇ ਤੱਤਾਂ ਦੀ ਮਾਤਰਾ ਅਨੁਸਾਰ ਨਕਸ਼ਾ ਤਿਆਰ ਕੀਤਾ ਗਿਆ ਹੈ। ਜਿਸ ਨੂੰ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਲਗਾਇਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ’ਚ ਇਸ ਤਰ੍ਹਾਂ ਦੇ ਨਕਸ਼ਿਆਂ ਦੇ ਪੋਸਟਰ ਹਰ ਪਿੰਡ ’ਚ ਲਗਾਏ ਜਾਣਗੇ। ਮੁੱਖ ਖੇਤੀਬਾੜੀ ਅਫ਼ਸਰ ਡਾ. ਅਰਵਿੰਦਰ ਸਿੰਘ ਨੇ ਦੱਸਿਆ ਕਿ ਹਾੜੀ ਦੀ ਫਸਲ ਦੀ ਕਟਾਈ ਤੋਂ ਬਾਅਦ ਮਿੱਟੀ ਦੀ ਜਾਂਚ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਸੀਜ਼ਨ ਦੌਰਾਨ 15700 ਸੈਂਪਲਾਂ ਦੀ ਰਿਪੋਰਟ ਆਊਟਸਟੈਂਡਿੰਗ ਕੰਪਨੀ ਤੋਂ ਕਰਵਾਈ ਗਈ। ਜਿਸ ਦੇ ਅਧਾਰ ’ਤੇ 32000 ਸਾਇਲ ਹੈਲਥ ਕਾਰਡ ਬਣਵਾ ਕੇ ਕਿਸਾਨਾਂ ਨੂੰ ਦਿੱਤੇ ਗਏ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ