ਮਿਨੀ ਪੌਲੀਹਾਊਸ ਪ੍ਰਵਾਸੀ ਕਿਸਾਨਾਂ ਲਈ ਵਰਦਾਨ ਬਣੇ

February 12 2020

ਜੁਗਾੜ ਨਾਲ ਬਣਾਏ ਗਏ ਮਿਨੀ ਪੌਲੀਹਾਊਸ ਪਰਵਾਸੀ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੇ ਹਨ। ਅਫਸਰ ਅਲੀ ਵਾਸੀ ਬਾਂਸ ਬਰੇਲੀ, ਯੂਪੀ ਨੇ ਦੱਸਿਆ ਕਿ ਉਹ ਦੱਪਰ ਟੌਲ ਪਲਾਜ਼ਾ ਨੇੜੇ 15 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਵੱਲੋਂ ਇੱਥੇ ਬਣਾਏ ਗਏ ਮਿਨੀ ਪੌਲੀਹਾਊਸ ’ਚ ਸਬਜ਼ੀ ਦੀ ਫ਼ਸਲ ਨੂੰ ਠੰਢ ਅਤੇ ਕੋਹਰੇ ਤੋਂ ਬਚਾਇਆ ਜਾਂਦਾ ਹੈ, ਉਥੇ ਹੀ ਗਰਮੀ ਦੇ ਸੀਜ਼ਨ ਵਿਚ ਸਬਜ਼ੀਆਂ ਕਰੇਲਾ, ਘੀਆ, ਤੋਰੀ, ਕੱਕੜੀ, ਕੱਦੂ ਸਮੇਂ ਤੋਂ ਪਹਿਲਾਂ ਹੀ ਤਿਆਰ ਹੋ ਜਾਂਦੀਆਂ ਹਨ ਅਤੇ ਚੰਗਾ ਭਾਅ ਮਿਲਣ ਨਾਲ ਆਮਦਨ ਵਿਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਖੇਤ ਵਿਚ ਖਾਈਆਂ ਖੋਦ ਕੇ ਉਨ੍ਹਾਂ ’ਤੇ ਸਰਕੰਡੇ ਦੇ ਪੁਲੇ ਪਾ ਦਿੰਦੇ ਹਨ। ਉਸ ਤੋਂ ਬਾਅਦ ਸਬਜ਼ੀ ਦੇ ਬੀਜ ਦਬਾ ਦਿੱਤੇ ਜਾਂਦੇ ਹਨ। ਠੰਢ ਤੇ ਕੋਹਰੇ ਦੀ ਮਾਰ ਤੋਂ ਬਚਾਉਣ ਲਈ ਪਲਾਸਟਿਕ ਦੀ ਪੰਨੀ ਵਿਛਾ ਦਿੱਤੀ ਜਾਂਦੀ ਹੈ। ਸਰਕੰਡੇ ਨੁੂੰ ਇਸ ਤਰ੍ਹਾਂ ਮਿੱਟੀ ਵਿਚ ਗੱਡਿਆ ਜਾਂਦਾ ਹੈ ਕਿ ਧੁੱਪ ਸਿੱਧੀ ਸਾਰਾ ਦਿਨ ਸਰਕੰਡੇ ’ਤੇ ਪੈਂਦੀ ਰਹੇ। ਮਾਰਚ ਦੇ ਅੰਤ ਤੱਕ ਸਬਜ਼ੀਆਂ ਦੀ ਪੈਦਾਵਾਰ ਹੋ ਜਾਂਦੀ ਹੈ। ਅਫਸਰ ਅਲੀ ਨੇ ਦੱਸਿਆ ਕਿ ਇਸ ਲਈ ਉਹ ਦੇਸੀ ਖਾਦ, ਯੂਰੀਆ ਤੇ ਡਾਈ ਦੀ ਵਰਤੋਂ ਕਰਦੇ ਹਨ। ਫ਼ਸਲ ਨੂੂੰ 20-25 ਦਿਨ ਬਾਅਦ ਪਾਣੀ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ ਕਰੀਬ 25 ਹਜ਼ਾਰ ਰੁਪਏ ਦਾ ਖਰਚਾ ਆ ਜਾਂਦਾ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ