ਮਗਰਾ ਗਊਸ਼ਾਲਾ ਵਿਚ ਨਵੇਂ ਸ਼ੈੱਡ ਬਣਾਉਣ ਦਾ ਕੰਮ ਸ਼ੁਰੂ

January 11 2020

ਗਊਸ਼ਾਲਾ ਮਗਰਾ ਚ ਗਊਆਂ ਦੀਆਂ ਮੌਤਾਂ ਦੇ ਸਿਲਸਲੇ ’ਚ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਦੀ ਹਦਾਇਤਾਂ ’ਤੇ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ, ਮੁਹਾਲੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਸ਼ਿਕਾ ਜੈਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਐਸ.ਡੀ.ਐਮ. ਮੁਹਾਲੀ ਜਗਦੀਪ ਸਹਿਗਲ, ਕਾਰਜਕਾਰੀ ਐਸ.ਡੀ.ਐਮ. ਡੇਰਾਬਸੀ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਅਤੇ ਪਸ਼ੂ ਪਾਲਣ, ਨਗਰ ਕੌਂਸਲ ਖਰੜ, ਡੇਰਾਬਸੀ, ਜ਼ੀਰਕਪੁਰ ਤੇ ਲਾਲੜੂ ਦੇ ਅਧਿਕਾਰੀ ਤੇ ਧਿਆਨ ਫ਼ਾਊਂਡੇਸ਼ਨ ਦੇ ਪ੍ਰਤੀਨਿਧੀ ਹਾਜ਼ਰ ਹੋਏ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਜੈਨ ਨੇ ਕਿਹਾ ਕਿ ਵੈਟਰਨਰੀ ਅਫ਼ਸਰਾਂ ਨੇ ਮਗਰਾ ਗਊਸ਼ਾਲਾ ਵਿੱਚ ਹੋਈਆਂ ਪਸ਼ੂਆਂ ਦੀਆਂ ਮੌਤਾਂ ਦਾ ਕਾਰਨ ਭੁੱਖ, ਠੰਢ, ਖ਼ੂਨ ਦੀ ਕਮੀ ਅਤੇ ਤਣਾਅ ਦੱਸਿਆ। ਮੀਟਿੰਗ ਵਿੱਚ ਗਊਸ਼ਾਲਾ ਦੇ ਪ੍ਰਬੰਧਨ ਨਾਲ ਸਬੰਧਤ ਮੁੱਦਿਆਂ ਉਤੇ ਵਿਚਾਰ ਮਗਰੋਂ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਗਊਸ਼ਾਲਾ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਦਾ ਫ਼ੈਸਲਾ ਕੀਤਾ, ਕਾਰਜਸਾਧਕ ਅਫ਼ਸਰ ਲਾਲੜੂ ਨੇ ਦੱਸਿਆ ਕਿ 15 ਜਨਵਰੀ ਤੱਕ ਸ਼ੈੱਡਾਂ ਦਾ ਨਿਰਮਾਣ ਹੋਣ ਨਾਲ ਗਊਸ਼ਾਲਾ ਵਿੱਚ ਪਸ਼ੂ ਰੱਖਣ ਦੀ ਸਮਰੱਥਾ 350 ਹੋ ਜਾਵੇਗੀ। ਨਗਰ ਨਿਗਮ ਮੁਹਾਲੀ, ਨਗਰ ਕੌਂਸਲ ਡੇਰਾਬਸੀ ਤੇ ਜ਼ੀਰਕਪੁਰ ਵੱਲੋਂ ਵੀ ਸਹਿਯੋਗ ਦੀ ਸਹਿਮਤੀ ਦਿੱਤੀ।

ਧਿਆਨ ਫ਼ਾਊਂਡੇਸ਼ਨ ਪਸ਼ੂਆਂ ਲਈ ਵਧੀਆ ਹਰਾ ਤੇ ਸੁੱਕਾ ਚਾਰਾ ਸਪਲਾਈ ਕਰਨ, ਪੀਣ ਵਾਲੇ ਪਾਣੀ, ਸ਼ੈੱਡਾਂ ਦੀ ਸਫ਼ਾਈ, ਗੋਹੇ ਤੋਂ ਖਾਦ ਤਿਆਰ ਕਰਨ ਤੇ ਵੇਚਣ, ਸਾਰਾ ਰਿਕਾਰਡ ਰੱਖਣ ਅਤੇ ਢੁਕਵਾਂ ਸਟਾਫ਼ ਮੁਹੱਈਆ ਕਰਨਾ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਵੇਗੀ। ਵੈਟਰਨਰੀ ਤੇ ਪੈਰਾ ਵੈਟਰਨਰੀ ਅਫ਼ਸਰਾਂ ਦਾ ਰੋਸਟਰ ਬਣਾਇਆ ਜਾਵੇਗਾ ਤਾਂ ਕਿ ਗਊਸ਼ਾਲਾ ਵਿੱਚ ਬੀਮਾਰ ਪਸ਼ੂਆਂ ਦਾ ਢੁਕਵਾਂ ਇਲਾਜ ਯਕੀਨੀ ਬਣਾਇਆ ਜਾ ਸਕੇ। ਹੋਰ ਕੌਂਸਲਾਂ ਤੋਂ ਭੇਜੇ ਗਏ ਪਸ਼ੂਆਂ ਦੀ ਦੇਖਭਾਲ ਦਾ ਖ਼ਰਚਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵੱਲੋਂ ਨਿਰਧਾਰਤ ਕੀਤਾ ਜਾਵੇਗਾ। ਹੋਰ ਸ਼ੈੱਡਾਂ ਦੀ ਉਸਾਰੀ ਲਈ ਵਿਆਪਕ ਯੋਜਨਾ ਉਲੀਕਣ ਵਾਸਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਕਾਰਜਸਾਧਕ ਅਫ਼ਸਰ ਲਾਲੜੂ, ਐਮ.ਸੀ. ਮੁਹਾਲੀ ਅਤੇ ਫ਼ਾਊਂਡੇਸ਼ਨ ਦੇ ਨੁਮਾਇੰਦਿਆਂ ਦੀ ਇਕ ਕਮੇਟੀ ਬਣਾਈ ਜੋ 15 ਦਿਨਾਂ ਚ ਰਿਪੋਰਟ ਦੇਵੇਗੀ। ਸ਼ੈੱਡਾਂ ਦਾ ਨਿਰਮਾਣ ਵਿਗਿਆਨਕ ਢੰਗ ਨਾਲ ਕੀਤਾ ਜਾਵੇਗਾ ਤਾਂ ਜੋ ਚਾਰਾ, ਨੇੜੇ ਹੀ ਪਾਣੀ ਅਤੇ ਪਾਣੀ ਦੀਆਂ ਟੈਂਕੀਆਂ ਦੀ ਵਿਵਸਥਾ ਹੋ ਸਕੇ। ਦਾਨ ਰਾਹੀਂ ਫ਼ੰਡਿੰਗ ਸਰੋਤਾਂ ਦੀ ਭਾਲ ਕੀਤੀ ਜਾਏਗੀ। ਇਸ ਦੀ ਸਮੀਖਿਆ ਹਰ ਦੋ ਮਹੀਨੇ ਬਾਅਦ ਕੀਤੀ ਜਾਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ