ਭੰਡਾਰਨ ਸੰਕਟ: ਚੌਲ ਮਿੱਲਾਂ ਵਿੱਚ ਸਾਂਭੀ ਜਾਵੇਗੀ ਕਣਕ

May 10 2019

ਪੰਜਾਬ ਵਿੱਚ ਐਤਕੀਂ ਕਣਕ ਨੂੰ ਚੌਲ ਮਿੱਲਾਂ ’ਚ ਭੰਡਾਰ ਕਰਨਾ ਪੈ ਰਿਹਾ ਹੈ। ਕਣਕ ਭੰਡਾਰਨ ਦਾ ਵੱਡਾ ਸੰਕਟ ਬਣ ਗਿਆ ਹੈ, ਜਿਸ ਦੇ ਬਦਲ ਵਜੋਂ ਚੌਲ ਮਿੱਲਾਂ ਵਿੱਚ ਓਪਨ ਪਲੰਥਾਂ ’ਤੇ ਕਣਕ ਲਾਈ ਜਾ ਰਹੀ ਹੈ। ਜਲੰਧਰ ਜ਼ਿਲ੍ਹੇ ਵਿੱਚ ਤਾਂ ਦੋ ਅਨਾਜ ਮੰਡੀਆਂ ਵਿੱਚ ਵੀ ਖੁੱਲ੍ਹੀ ਥਾਂ ’ਤੇ ਕਣਕ ਨੂੰ ਭੰਡਾਰ ਕਰਨਾ ਪੈ ਰਿਹਾ ਹੈ। ਕਣਕ ਦੀ ਮੂਵਮੈਂਟ ਪੰਜਾਬ ’ਚੋਂ ਘਟੀ ਹੈ ਅਤੇ ਭੰਡਾਰਨ ਦੀ ਮੁਸ਼ਕਲ ਪੈਦਾ ਹੋਈ ਹੈ। ਪੰਜਾਬ ਦੇ ਕਰੀਬ 1800 ਖਰੀਦ ਕੇਂਦਰਾਂ ਵਿੱਚ ਚੁਕਾਈ ਦਾ ਕੰਮ ਢਿੱਲਾ ਚੱਲ ਰਿਹਾ ਹੈ। ਵਿਰੋਧੀ ਧਿਰਾਂ ਦੇ ਹੱਥ ਮੁੱਦਾ ਲੱਗਾ ਹੋਇਆ ਹੈ ਜਦੋਂ ਕਿ ਕਿਸਾਨੀ ਨੂੰ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਕਣਕ ਹੇਠ ਕਰੀਬ 35.02 ਲੱਖ ਹੈਕਟੇਅਰ ਰਕਬਾ ਸੀ ਅਤੇ 132 ਲੱਖ ਮੀਟਰਿਕ ਟਨ ਪੈਦਾਵਾਰ ਦਾ ਅਨੁਮਾਨ ਹੈ। ਹੁਣ ਤੱਕ ਮੰਡੀਆਂ ਵਿਚ ਕਰੀਬ 122 ਲੱਖ ਮੀਟਰਿਕ ਟਨ ਫਸਲ ਆ ਚੁੱਕੀ ਹੈ। ਪਿਛਲੇ ਵਰ੍ਹੇ ਪੰਜਾਬ ਵਿੱਚ ਕਣਕ ਦੀ 138 ਲੱਖ ਮੀਟ੍ਰਿਕ ਟਨ ਪੈਦਾਵਾਰ ਸੀ। ਭਾਵੇਂ ਮਾਲਵਾ ਖ਼ਿੱਤੇ ਵਿੱਚ ਬਾਰਸ਼ ਨੇ ਕਿਸਾਨਾਂ ਦੀ ਖੇਡ ਖ਼ਰਾਬ ਕਰ ਦਿੱਤੀ ਸੀ ਪ੍ਰੰਤੂ ਕਣਕ ਦੇ ਝਾੜ ਨੇ ਢਾਰਸ ਬੰਨ੍ਹੀ ਹੈ। ਖਰੀਦ ਏਜੰਸੀਆਂ ਕੋਲ ਹੁਣ ਕਣਕ ਸਾਂਭਣ ਲਈ ਜਗ੍ਹਾ ਦੀ ਕਮੀ ਹੈ। ਬਠਿੰਡਾ ਜ਼ਿਲ੍ਹੇ ਵਿੱਚ ਹੁਣ ਤੱਕ 9.17 ਲੱਖ ਮੀਟ੍ਰਿਕ ਟਨ ਫ਼ਸਲ ਆ ਚੁੱਕੀ ਹੈ। ਜ਼ਿਲ੍ਹੇ ਵਿਚ ਕਣਕ ਭੰਡਾਰਨ ਵਾਸਤੇ ਡੇਢ ਦਰਜਨ ਚੌਲ ਮਿੱਲਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਅਤਿੰਦਰ ਕੌਰ ਨੇ ਦੱਸਿਆ ਕਿ ਜਗ੍ਹਾ ਦੀ ਕਮੀ ਕਰਕੇ ਚੌਲ ਮਿੱਲਾਂ ਵਿਚ ਫ਼ਸਲ ਲਾਈ ਜਾਣੀ ਹੈ। ਵੇਰਵਿਆਂ ਅਨੁਸਾਰ ਜ਼ਿਲ੍ਹਾ ਜਲੰਧਰ ਵਿੱਚ ਤਾਂ ਮਾਰਕਫੈੱਡ ਨੂੰ ਗੁਰਾਇਆ ਅਤੇ ਅੱਪਰਾ ਦੀ ਅਨਾਜ ਮੰਡੀ ਵਿਚ ਖੁੱਲ੍ਹੀ ਥਾਂ ’ਤੇ ਹੀ ਕਰੀਬ 18 ਹਜ਼ਾਰ ਐੱਮਟੀ ਕਣਕ ਨੂੰ ਭੰਡਾਰ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ 15 ਚੌਲ ਮਿੱਲਾਂ ਵਿੱਚ ਭੰਡਾਰ ਕੀਤਾ ਜਾ ਰਿਹਾ ਹੈ। ਡੀਐੱਫਐੱਸਸੀ ਨਰਿੰਦਰ ਸਿੰਘ ਨੇ ਦੱਸਿਆ ਕਿ ਅਨਾਜ ਮੰਡੀਆਂ ਵਾਲੀ ਕਣਕ ਤਰਜੀਹੀ ਆਧਾਰ ’ਤੇ ਮੂਵ ਕਰ ਦਿੱਤੀ ਜਾਵੇਗੀ। ਗੁਰਦਾਸਪੁਰ ਜ਼ਿਲ੍ਹੇ ਵਿੱਚ ਤਾਂ ਖਰੀਦ ਕੇਂਦਰਾਂ ’ਚੋਂ ਕਣਕ ਸਿੱਧੀ ਮੂਵ ਕੀਤੀ ਜਾ ਰਹੀ ਹੈ। ਡੀਐੱਫਐੱਸਸੀ ਮੁਨੀਸ਼ ਨਰੂਲਾ ਦਾ ਕਹਿਣਾ ਸੀ ਕਿ ਕੁਝ ਸਪੈਸ਼ਲ ਟਰੇਨਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਭਰਾਈ ਸਿੱਧੀ ਮੰਡੀਆਂ ’ਚੋਂ ਹੀ ਕੀਤੀ ਜਾ ਰਹੀ ਹੈ ਤਾਂ ਜੋ ਭੰਡਾਰਨ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਸੂਤਰ ਦੱਸਦੇ ਹਨ ਕਿ ਜੂਟ ਦੇ ਬਾਰਦਾਨੇ ਦੀ ਕਮੀ ਕਰਕੇ ਇਸ ਵਾਰ ਪਲਾਸਟਿਕ ਬਾਰਦਾਨਾ ਵੀ ਵਰਤਿਆ ਜਾ ਰਿਹਾ ਹੈ। ਜੋ ਪਲਾਸਟਿਕ ਬਾਰਦਾਨਾ ਓਪਨ ਪਲੰਥਾਂ ’ਤੇ ਲਾਇਆ ਜਾਵੇਗਾ, ਉਥੇ ਬਾਰਦਾਨੇ ਦੇ ਫਟਣ ਦਾ ਡਰ ਬਣ ਜਾਣਾ ਹੈ। ਬਰਨਾਲਾ ਜ਼ਿਲ੍ਹੇ ਵਿੱਚ ਭੰਡਾਰਨ ਦੀ ਸਮੱਸਿਆ ਇਸ ਕਰਕੇ ਬਹੁਤੀ ਨਹੀਂ ਆਈ ਕਿ ਜ਼ਿਲ੍ਹੇ ਵਿੱਚ 50 ਹਜ਼ਾਰ ਐੱਮਟੀ ਦਾ ਨਵਾਂ ਸਾਇਲੋ ਚੱਲ ਪਿਆ ਹੈ। ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿਚ ਵੀ ਕਣਕ ਨੂੰ ਕਰੀਬ 15 ਚੌਲ ਮਿੱਲਾਂ ਵਿਚ ਵੀ ਭੰਡਾਰ ਕੀਤਾ ਜਾਣਾ ਹੈ। ਡੀਐੱਫਐੱਸਸੀ ਪਿੰਦਰ ਸਿੰਘ ਨੇ ਦੱਸਿਆ ਕਿ ਚੌਲ ਮਿੱਲਾਂ ਵਿਚ ਪੱਕੇ ਪਲੰਥਾਂ ’ਤੇ ਫ਼ਸਲ ਭੰਡਾਰ ਹੋਵੇਗੀ, ਜਿਸ ਦਾ ਕੋਈ ਡਰ ਨਹੀਂ ਹੋਵੇਗਾ। ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹਾ ਪਟਿਆਲਾ ਵਿੱਚ ਵੀ ਸਪੇਸ ਦੀ ਕਮੀ ਹੈ, ਜਿਸ ਕਰਕੇ 20 ਚੌਲ ਮਿੱਲਾਂ ਵਿਚ ਕਣਕ ਭੰਡਾਰ ਹੋਣੀ ਹੈ। ਡੀਐੱਫਐੱਸਸੀ ਗੁਰਸ਼ਰਨਜੀਤ ਸਿੰਘ ਦਾ ਕਹਿਣਾ ਸੀ ਕਿ ਪਲਾਸਟਿਕ ਬਾਰਦਾਨਾ ਕੋਈ ਸਮੱਸਿਆ ਪੈਦਾ ਨਹੀਂ ਕਰੇਗਾ ਕਿਉਂਕਿ ਇਹ ਬਾਰਦਾਨੇ ਪਹਿਲਾਂ ਹੀ ਟੈਸਟ ਹੋ ਕੇ ਆਇਆ ਹੈ। ਸੂਤਰ ਦੱਸਦੇ ਹਨ ਕਿ ਏਦਾਂ ਦਾ ਹਾਲ ਸਭਨਾਂ ਜ਼ਿਲ੍ਹਿਆਂ ਵਿਚ ਹੈ।

ਕਣਕ ਦਾ ਝਾੜ ਵਧਿਆ: ਡਾਇਰੈਕਟਰ

ਖੇਤੀ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਤੰਤਰ ਐਰੀ ਦਾ ਕਹਿਣਾ ਸੀ ਕਿ ਐਤਕੀਂ ਕਣਕ ਦਾ ਝਾੜ ਕਰੀਬ ਡੇਢ ਕੁਇੰਟਲ ਵਧਿਆ ਹੈ ਅਤੇ ਕੁਝ ਇਲਾਕਿਆਂ ਵਿਚ ਘਟਿਆ ਵੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਨਾਲੋਂ 4 ਲੱਖ ਮੀਟ੍ਰਿਕ ਟਨ ਵਧੇਰੇ ਪੈਦਾਵਾਰ ਦਾ ਅਨੁਮਾਨ ਹੈ। ਹਾਲਾਂਕਿ ਪਿਛਲੇ ਵਰ੍ਹੇ ਨਾਲੋਂ ਐਤਕੀਂ ਰਕਬਾ ਘਟਿਆ ਸੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ