ਭਾਰਤ 11 ਹਜ਼ਾਰ ਟਨ ਪਿਆਜ਼ ਦਰਾਮਦ ਕਰੇਗਾ

December 02 2019

ਸਰਕਾਰੀ ਮਾਲਕੀ ਵਾਲੀ ਟਰੇਡਿੰਗ ਫਰਮ ਐੱਮਐੱਮਟੀਸੀ, ਜੋ ਕੇਂਦਰ ਸਰਕਾਰ ਲਈ ਬਾਹਰੋਂ ਪਿਆਜ਼ ਦਰਾਮਦ ਕਰਦੀ ਹੈ, ਨੇ ਘਰੇਲੂ ਮਾਰਕੀਟ ਵਿੱਚ ਅਸਮਾਨੀ ਚੜ੍ਹੀਆਂ ਪਿਆਜ਼ ਦੀਆਂ ਪ੍ਰਚੂਨ ਕੀਮਤਾਂ ਨੂੰ ਘਟਾਉਣ ਤੇ ਸਪਲਾਈ ਨੂੰ ਸੁਖਾਲਾ ਬਣਾਉਣ ਦੇ ਇਰਾਦੇ ਨਾਲ ਤੁਰਕੀ ਤੋਂ 11 ਹਜ਼ਾਰ ਟਨ ਪਿਆਜ਼ ਖਰੀਦਣ ਲਈ ਆਰਡਰ ਦਿੱਤਾ ਹੈ। ਉਂਜ ਐੱਮਐੱਮਟੀਸੀ ਵੱਲੋਂ ਦਿੱਤਾ ਇਹ ਦੂਜਾ ਦਰਾਮਦੀ ਆਰਡਰ ਹੈ। ਮਿਸਰ ਤੋਂ 6090 ਟਨ ਪਿਆਜ਼ ਪਹਿਲਾਂ ਹੀ ਦਰਾਮਦ ਕੀਤਾ ਜਾ ਰਿਹਾ ਹੈ। ਚੇਤੇ ਰਹੇ ਕਿ ਦੇਸ਼ ਦੇ ਮੁੱਖ ਸ਼ਹਿਰਾਂ ਵਿੱਚ ਪਿਆਜ਼ ਪ੍ਰਚੂਨ ਵਿੱਚ 75 ਤੋਂ 120 ਰੁਪਏ ਪ੍ਰਤੀ ਕਿਲੋ ਦੇ ਭਾਅ ਵਿਕ ਰਿਹਾ ਹੈ। ਕੇਂਦਰ ਕੈਬਨਿਟ ਨੇ ਘਰੇਲੂ ਸਪਲਾਈ ਵਿੱਚ ਸੁਧਾਰ ਤੇ ਅਸਮਾਨੀ ਪੁੱਜੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਪਿਛਲੇ ਮਹੀਨੇ 1.2 ਲੱਖ ਟਨ ਪਿਆਜ਼ ਦਰਾਮਦ ਕਰਨ ਦੇ ਫੈਸਲੇ ਨੂੰ ਰਸਮੀ ਪ੍ਰਵਾਨਗੀ ਦਿੱਤੀ ਸੀ। ਮੋਦੀ ਸਰਕਾਰ ਥੋਕ ਤੇ ਪ੍ਰਚੂਨ ਵਿਕਰੇਤਾਵਾਂ ਦੇ ਪਿਆਜ਼ ਦੀ ਬਰਾਮਦ ਤੇ ਭੰਡਾਰਨ ਕਰਨ ’ਤੇ ਪਹਿਲਾਂ ਹੀ ਅਣਮਿੱਥੇ ਸਮੇਂ ਦੀ ਪਾਬੰਦੀ ਲਾ ਚੁੱਕੀ ਹੈ। ਸੂਤਰਾਂ ਮੁਤਾਬਕ ਐੱਮਐੱਮਟੀਸੀ ਨੇ ਤੁਰਕੀ ਤੋਂ 11 ਹਜ਼ਾਰ ਟਨ ਪਿਆਜ਼ ਦਰਾਮਦ ਕਰਨ ਸਬੰਧੀ ਕਰਾਰ ਕੀਤਾ ਹੈ ਤੇ ਇਸ ਖੇਪ ਦੇ ਅਗਲੇ ਸਾਲ ਜਨਵਰੀ ਵਿੱਚ ਭਾਰਤ ਪੁੱਜਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਮਿਸਰ ਨੂੰ ਦਿੱਤਾ 6090 ਟਨ ਪਿਆਜ਼ ਦਰਾਮਦ ਕਰਨ ਦਾ ਆਰਡਰ ਅਗਲੇ ਹਫ਼ਤੇ ਮੁੰਬਈ ਪੁੱਜ ਜਾਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲਾ ਮੰਤਰੀਆਂ ਦਾ ਸਮੂਹ ਨੇੜਿਓਂ ਹੋ ਕੇ ਪੂਰੀ ਸਥਿਤੀ ’ਤੇ ਨਜ਼ਰ ਰੱਖ ਰਿਹੈ।

-ਪੀਟੀਆਈ

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ