ਬੇਮੌਸਮੀ ਬਰਸਾਤ ਕਾਰਨ ਖਰਾਬ ਹੋਈ ਕਣਕ ਵਾਲੇ ਖੇਤਾਂ ਵਿੱਚ ਗਰਮੀ ਰੁੱਤ ਦੇ ਮਾਂਹ,ਮੂੰਗੀ ਜਾਂ ਮੱਕੀ ਬਿਜਾਈ ਕੀਤੀ ਜਾ ਸਕਦੀ ਹੈ :ਡਾ ਅਮਰੀਕ ਸਿੰਘ

February 13 2020

ਬੇਮੌਸਮੀ ਬਰਸਾਤਾਂ ਕਾਰਨ ਬਲਾਕ ਪਠਾਨਕੋਟ ਦੇ ਕੁਝ ਪਿੰਡਾਂ ਦੇ ਰਕਬੇ ਵਿੱਚ ਕਣਕ ਦੀ ਫਸਲ ਖਰਾਬ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਪ੍ਰਾਸ਼ਾਨੀਆਂ ਦਾ ਸਾਹਮਣਾ ਪੈ ਰਿਹਾ ਹੈ। ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਗਰਮੀ ਰੁੱਤ ਦੇ ਮਾਂਹ,ਮੂੰਗੀ,ਚਾਰੇ ਵਾਲੀ ਮੱਕੀ ਅਤੇ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਬਲਾਕ ਘਰੋਟਾ ਦੇ ਪਿੰਡ ਕੋਠੇ ਕੌਂਤਰਪੁਰ ਅਗਾਂਹਵਧੂ ਕਿਸਾਨ ਸੁਖਦੀਪ ਸਿੰਘ ਦੇ ਖੇਤਾਂ ਵਿੱਚ ਬਹਾਰ ਰੁੱਤ ਦੀ ਬਿਜਾਈ ਦੀ ਸ਼ੁਰੂਆਤ ਕਰਵਾ ਕੇ ਕਿਸਾਨਾਂ ਨੂੰ ਮੱਕੀ ਦੀ ਕਾਸਤ ਦੇ ਸੁਧਰੇ ਢੰਗ ਤਰੀਕਿਆਂ ਬਾਰੇ ਬਲਾਕ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀ ਲਵ ਕੁਮਾਰ ਬਲਾਕ ਤਕਨਾਲੋਜੀ ਪ੍ਰਬੰਧਕ ,ਅਰਮਾਨ ਮਹਾਜਨ ,ਅਤੇ ਕਿਸਾਨ ਹਾਜ਼ਰ ਸਨ। ਮੌਕੇ ਤੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਕਰਕੇ ਪ੍ਰਦਰਸ਼ਤ ਵੀ ਕੀਤਾ ਗਿਆ।

ਗੱਲਬਾਤ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਇਸ ਵਾਰ ਬੇਮੌਸਮੀ ਬਾਰਸ਼ਾਂ ਕਾਰਨ ਬਹੁਤ ਸਾਰੇ ਰਕਬੇ ਵਿੱਚ ਜਾਂ ਤਾਂ ਕਣਕ ਦੀ ਫਸਲ ਉੱਗੀ ਹੀ ਨਹੀ ਜਾਂ ਖਰਾਬ ਹੋ ਗਈ ਹੈ। ਉਨਾਂ ਕਿਹਾ ਕਿ ਝੋਨੇ ਦੀ ਲਵਾਈ ਤੋਂ ਪਹਿਲਾਂ ਖਰਾਬ ਹੋਈ ਕਣਕ ਦੀ ਫਸਲ ਵਾਲੇ ਖੇਤਾਂ ਵਿੱਚ ਗਰਮ ਰੁੱਤ ਦੀ ਮੁੰਗੀ,ਮਾਂਹ,ਪਸ਼ੂਆਂ ਲਈ ਚਾਰੇ ਵਾਲੀ ਮੱਕੀ ਜਾਂ ਮੱਕੀ ਦੀ ਫਸਲ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਇਨਾਂ ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਸੁਧਰੀਆ ਕਾਸਤਕਾਰੀ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਦਾ ਢੁਕਵਾਂ ਸਮਾਂ ਫਰਵੀ ਦਾ ਪਹਿਲਾ ਪੰਦਰਵਾੜਾ ਹੈ ਅਤੇ ਜੇਕਰ ਬਿਜਾਈ ਲੇਟ ਹੋ ਜਾਵੇ ਤਾਂ ਵਧੇਰੇ ਤਾਪਮਾਨ ਨਾਲ ਪ੍ਰਾਗਕਣ ਸੁੱਕਣ ਨਾਲ ਦਾਣੇ ਬਨਣ ਦੀ ਪ੍ਰਕਿਰਿਆਂ ਤੇ  ਬੁਰਾ ਪ੍ਰਭਾਵ ਪੈਂਦਾ ਹੈ ਅਤੇ ਪੈਦਾਵਾਰ ਵੀ ਘੱਟ ਨਿਕਲਦੀ ਹੈ।ਉਨਾਂ ਕਿਹਾ ਕਿ ਮੱਕੀ ਦੀ ਬਿਜਾਈ ਪੂਰਬ-ਪੱਛਮ ਦਿਸ਼ਾਂ ਵਿੱਚ ਵੱਟਾਂ ਬਣਾ ਕੇ ਦੱਖਣ ਵਾਲੇ ਪਾਸੇ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਕੇਰੇ ਜਾਂ ਚੋਗ ਕੇ ਕਰਨੀ ਚਾਹੀਦੀ ਹੈ ਤਾਂ ਜੋ ਪ੍ਰਤੀ ਏਕੜ ਵਧੇਰੇ ਪੈਦਾਵਾਰ ਲਈ ਜਾ ਸਕੇ। ਉਨਾਂ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਪ੍ਰਤੀ ਏਕੜ 500 ਤੋਂ 800 ਗ੍ਰਾਮ ਐਟਰਾਟਾਫ ਪ੍ਰਤੀ ਏਕੜ ਨਦੀਨਾਸ਼ਕ ਦਾ ਛਿੜਕਾਅ ਬਿਜਾਈ ਤੋਂ10 ਦਿਨਾਂ ਦੇ ਅੰਦਰ-ਅੰਦਰ ਕਰ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਗਰਮੀ ਰੁੱਤ ਦੇ ਮਾਹਾਂ ਦੀ ਬਿਜਾਈ ਮਾਰਚ ਦੇ 15 ਮਾਰਚ ਤੋਂ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਅ ਤੇ ਮੂੰਗੀ ਦੀ ਬਿਜਾਈ 20 ਮਾਰਚ ਤੋਂ 10 ਅਪ੍ਰੈਲ ਤੱਕ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਗਰਮੀ ਰੁੱਤ ਦੇ ਮਾਹਾਂ ਦੀ ਕਾਸਤ ਲਈ ਪ੍ਰਤੀ ਏਕੜ 20 ਕਿਲੋ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ ਜਦ ਕਿ ਮੂੰੰਗੀ ਦੀ ਬਿਜਾਈ ਲਈ ਪ੍ਰਤੀ ਏਕੜ 12 ਤੋਂ 15 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜੋ ਵੀ ਕਿਸਾਨ ਬਹਾਰ ਰੁੱਤ ਦੀ ਮੱਕੀ ਜਾਂ ਗਰਮੀ ਰੁੱਤ ਦੇ ਮਾਂਹ/ਮੂੰਗੀ ਦੀ ਕਾਸਤ ਕਰਨਾ ਚਾਹੁੰਦਾ ਹੈ ਉਹ ਆਪਣੇ ਹਲਕੇ ਦੇ ਖੇਤੀਬਾੜੀ ਦਫਤਰ ਨਾਲ ਸੰਪਰਕ ਕਰੇ ਤਾਂ ਜੋ ਖੇਤੀਬਾੜੀ ਮਾਹਿਰਾਂ ਵੱਲੋਂ ਤਕਨੀਕੀ ਅਗਵਾਈ ਦਿੱਤੀ ਜਾ ਸਕੇ।