ਬਿਜਲੀ ਸਬਸਿਡੀ ਦੇ ਹੋਰ ਕੰਮਾਂ ਲਈ 427 ਕਰੋੜ ਰੁਪਏ ਜਾਰੀ

February 03 2020

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਵਿੱਤ ਵਿਭਾਗ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਨੂੰ ਬਿਜਲੀ ਸਬਸਿਡੀ, ਕੇਂਦਰੀ ਸਪਾਂਸਰ ਸਕੀਮਾਂ, ਪੀਆਰਟੀਸੀ ਅਤੇ 15 ਨਵੰਬਰ 2019 ਤੱਕ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਸੇਵਾਮੁਕਤੀ ਦੇ ਲਾਭਾਂ ਦੀ ਅਦਾਇਗੀ ਲਈ 427 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਖੇਤੀ ਸਬਸਿਡੀ ਲਈ ਪਾਵਰਕੌਮ ਨੂੰ 100 ਕਰੋੜ ਰੁਪਏ ਜਦਕਿ ਸੇਵਾਮੁਕਤ ਮੁਲਾਜ਼ਮਾਂ ਨੂੰ ਲਾਭਾਂ ਦੀ ਅਦਾਇਗੀ ਲਈ 163 ਕਰੋੜ ਰੁਪਏ, ਨਾਬਾਰਡ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਲਈ 36.29 ਕਰੋੜ ਰੁਪਏ ਜਾਰੀ ਕੀਤੇ ਹਨ। 29 ਜਨਵਰੀ, 2020 ਤੱਕ ਮੈਡੀਕਲ, ਪੈਟਰੋਲ ਤੇ ਗਰੀਸ, ਪਾਣੀ/ਬਿਜਲੀ, ਵਸਤਾਂ ਦੀ ਸਪਲਾਈ ਤੇ ਦਫ਼ਤਰੀ ਖ਼ਰਚਿਆਂ ਲਈ 64.30 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਵਿੱਤ ਵਿਭਾਗ ਵੱਲੋਂ ਕੇਂਦਰੀ ਸਪਾਂਸਰ ਸਕੀਮਾਂ ਤਹਿਤ 59.16 ਕਰੋੜ ਰੁਪਏ ਜਾਰੀ ਕੀਤੇ ਗਏ, ਜਿਸ ਵਿੱਚ ਸੈਂਟਰਲ ਰੋਡ ਫੰਡ ਲਈ 14.01 ਕਰੋੜ ਰੁਪਏ, ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਲਈ 14.49 ਕਰੋੜ ਰੁਪਏ, ਕੌਮੀ ਜੀਵਨ ਨਿਰਬਾਹ ਮਿਸ਼ਨ ਲਈ 6.67 ਕਰੋੜ ਰੁਪਏ, ਸ਼ਿਕਸ਼ਾ ਅਭਿਆਨ (ਸੈਕੰਡਰੀ) ਲਈ 5.60 ਕਰੋੜ ਰੁਪਏ, ਸਟੇਟ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਅਪਗ੍ਰੇਡ ਕਰਨ ਲਈ 5.56 ਕਰੋੜ ਰੁਪਏ, ਅਦਾਲਤਾਂ ਲਈ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਵਾਸਤੇ 4.83 ਕਰੋੜ ਰੁਪਏ ਅਤੇ ਕੌਮੀ ਸਿਹਤ ਮਿਸ਼ਨ ਲਈ 3.65 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਕੌਮੀ ਪੇਂਡੂ ਪੀਣ ਯੋਗ ਪਾਣੀ ਮਿਸ਼ਨ, ਨੀਲੀ ਕ੍ਰਾਂਤੀ, ਪੁਲੀਸ ਫੋਰਸਾਂ ਦੇ ਆਧੁਨਿਕੀਕਰਨ, ਕੌਮੀ ਸਿੱਖਿਆ ਮਿਸ਼ਨ, ਸਵੱਛ ਭਾਰਤ ਮਿਸ਼ਨ, ਚਿੱਟੀ ਕ੍ਰਾਂਤੀ ਸਮੇਤ ਸੀਐੱਸਐਸ ਤਹਿਤ ਹੋਰ ਪ੍ਰਾਜੈਕਟਾਂ/ਸਕੀਮਾਂ ਲਈ 4.35 ਕਰੋੜ ਰੁਪਏ ਜਾਰੀ ਕੀਤੇ ਗਏ ਹਨ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ