ਬਾਰਸ਼ ਨੇ ਧੋ ਦਿੱਤਾ ਪਰਾਲੀ ਦਾ ਧੂੰਆਂ, ਸਰਕਾਰ ਨੂੰ ਵੀ ਆਇਆ ਸੁੱਖ ਦਾ ਸਾਹ

November 28 2019

ਉੱਤਰੀ ਭਾਰਤ ਚ ਬਾਰਸ਼ ਤੇ ਬਰਫਬਾਰੀ ਨੇ ਪੰਜਾਬ ਤੇ ਹਰਿਆਣਾ ਨੂੰ ਠਾਰ੍ਹ ਦਿੱਤਾ ਹੈ। ਪਹਾੜਾਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਦਾ ਪਾਰਾ ਵੀ ਕਾਫੀ ਹੇਠਾਂ ਆ ਗਿਆ ਹੈ। ਇਸ ਦੇ ਨਾਲ ਹੀ ਸਰਦੀਆਂ ਦੀ ਸ਼ੁਰੂਆਤ ਵੀ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਪਏ ਮੀਂਹ ਨੇ ਹਵਾ ’ਚ ਫੈਲੇ ਪ੍ਰਦੂਸ਼ਣ ਨੂੰ ਕਾਫ਼ੀ ਹੱਦ ਤੱਕ ਧੋ ਦਿੱਤਾ ਹੈ। ਇਸ ਨਾਲ ਲੋਕਾਂ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਪ੍ਰਦੂਸ਼ਣ ਫੈਲਣ ਦੇ ਮਾਮਲੇ ’ਤੇ ਸੋਮਵਾਰ ਵੀ ਪੰਜਾਬ ਦੀ ਕਾਫ਼ੀ ਖਿਚਾਈ ਕੀਤੀ ਸੀ।

ਕਾਬਲੇਗੌਰ ਹੈ ਕਿ ਪਿਛਲੇ ਦਿਨਾਂ ਤੋਂ ਪਰਾਲੀ ਸਾੜਨ ਕਰਕੇ ਹਵਾ ਬੇਹੱਦ ਦੂਸ਼ਿਤ ਹੋ ਗਈ ਸੀ। ਇਸ ਨਾਲ ਬਿਮਾਰੀਆਂ ਦੀ ਵਧੀਆਂ ਸੀ। ਬਾਰਸ਼ ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਪੰਜਾਬ ਅੰਦਰ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਸੰਤੁਸ਼ਟੀ ਤੇ ਦਰਮਿਆਨੀ ਸਥਿਤੀ ‘ਕੋਡ’ ਵਿੱਚ ਆ ਗਿਆ ਹੈ। ਅੰਮ੍ਰਿਤਸਰ ਤੇ ਗੋਬਿੰਦਗੜ੍ਹ ’ਚ ਸਭ ਤੋਂ ਘੱਟ ਸੂਚਕ ਅੰਕ 90 ਮਾਪਿਆ ਗਿਆ ਜਦੋਂਕਿ ਖੰਨਾ ’ਚ ਇਹ 92 ਅੰਕ ’ਤੇ ਢੁੱਕਿਆ ਪਾਇਆ ਗਿਆ ਹੈ।

ਦੀਵਾਲੀ ਦੇ ਦਿਨਾਂ ਤੋਂ ਸੂਬੇ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਕਾਫ਼ੀ ਮਿਕਦਾਰ ’ਚ ਉਪਰਲੇ ਅੰਕੜੇ ’ਚ ਪਹੁੰਚਿਆ ਹੋਇਆ ਸੀ। ਪਰਾਲੀ ਦੀ ਅੱਗ ਨੇ ਹਵਾ ਨੂੰ ਹੋਰ ਪਲੀਤ ਕਰ ਦਿੱਤਾ ਸੀ। ਪ੍ਰਦੂਸ਼ਣ ਦੀ ਮਾਰ ਤੋਂ ਲੋਕ ਕਾਫ਼ੀ ਪੀੜਤ ਸਨ ਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਸੀ। ਇਕੱਤਰ ਵੇਰਵਿਆਂ ਮੁਤਾਬਿਕ ਅੰਮ੍ਰਿਤਸਰ ’ਚ ਦੁਪਹਿਰ ਤੋਂ ਪਹਿਲਾਂ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਜਿਹੜਾ 119 ’ਤੇ ਸੀ ਉਹ ਸ਼ਾਮ ਤਕ ਘਟ ਕੇ 90 ’ਤੇ ਆ ਗਿਆ ਸੀ। ਇਸੇ ਤਰ੍ਹਾਂ ਮੰਡੀ ਗੋਬਿੰਦਗੜ੍ਹ ’ਚ ਸੂਚਕ ਅੰਕ ਦੁਪਹਿਰ ਤੋਂ ਪਹਿਲਾਂ 106 ਸੀ ਜੋ ਸ਼ਾਮ ਨੂੰ ਘਟ ਕੇ 90 ’ਤੇ ਆ ਗਿਆ।

ਇਸੇ ਤਰ੍ਹਾਂ ਖੰਨਾ ’ਚ ਸੂਚਕ ਅੰਕ 91, ਬਠਿੰਡਾ ’ਚ 140, ਜਲੰਧਰ ’ਚ 174, ਲੁਧਿਆਣਾ ’ਚ 122 ਤੇ ਪਟਿਆਲਾ ’ਚ 102 ਸੂਚਕ ਅੰਕ ’ਤੇ ਮਾਪਿਆ ਗਿਆ ਹੈ। ਸ਼ਾਮ ਦੀ ਰਿਪੋਰਟ ਮੁਤਾਬਕ ਪੰਜਾਬ ’ਚ ਸਿਰਫ਼ ਰੋਪੜ ’ਚ ਹੀ ਸੂਚਕ ਅੰਕ 230 ‘ਮਾੜੀ ਸਥਿਤੀ’ ਵਿੱਚ ਪਾਇਆ ਗਿਆ ਹੈ ਜਦੋਂਕਿ ਬਾਕੀ ਹਿੱਸਿਆਂ ਦੀ ਹਵਾ ਦੀ ਗੁਣਵੱਤਾ ’ਚ ਵੱਡਾ ਸੁਧਾਰ ਆਇਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ