ਬਾਰਸ਼ ਤੋਂ ਬਾਅਦ ਧੁੰਦ ਦਾ ਕਹਿਰ, ਦੋ ਦਿਨ ਰੁਕੇਗੀ ਜ਼ਿੰਦਗੀ

January 21 2020

ਬਾਰਸ਼ ਤੋਂ ਬਾਅਦ ਹੁਣ ਪੰਜਾਬ ਸਣੇ ਉੱਤਰੀ ਭਾਰਤ ਧੁੰਦ ਦੀ ਚਾਦਰ ਵਿੱਚ ਲਪੇਟਿਆ ਗਿਆ ਹੈ। ਐਤਵਾਰ ਤੇ ਸੋਮਵਾਰ ਨੂੰ ਸੰਘਣੀ ਧੁੰਦ ਕਰਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਅੱਜ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਗਲੇ ਦੋ ਦਿਨ ਸੰਘਣੀ ਧੁੰਦ ਪਏਗੀ। ਇਸ ਦਾ ਨਾਲ ਹੀ ਪੰਜਾਬ, ਹਰਿਆਣਾ, ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਠੰਢ ਨੇ ਮੁੜ ਜ਼ੋਰ ਫੜ ਲਿਆ ਹੈ। ਮੈਦਾਨੀ ਇਲਾਕਿਆਂ ਵਿੱਚ ਇੱਕ ਵਾਰਾ ਪਾਰਾ ਚੜ੍ਹਿਆ ਸੀ ਪਰ ਪਿਛਲੇ ਦੋ ਦਿਨਾਂ ਤੋਂ ਸੀਤ ਲਹਿਰ ਦਾ ਕਹਿਰ ਜਾਰੀ ਹੈ।

ਪਿਛਲੇ ਦੋ ਦਿਨਾਂ ਚ ਪੰਜਾਬ ਤੇ ਹਰਿਆਣਾ ਸੀਤ ਲਹਿਰ ਦੀ ਗ੍ਰਿਫ਼ਤ ’ਚ ਰਹੇ ਜਿੱਥੇ ਬਹੁਤੇ ਥਾਈਂ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਪੰਜਾਬ ਵਿੱਚ ਆਦਮਪੁਰ ਘੱਟੋ-ਘੱਟ 3.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਢਾ ਸਥਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਐਤਵਾਰ ਰਾਤ ਰਾਤ ਸਮੇਂ ਲੁਧਿਆਣਾ ’ਚ ਤਾਪਮਾਨ 6.7, ਪਟਿਆਲਾ ’ਚ 7.6, ਹਲਵਾਰਾ ’ਚ 7, ਬਠਿੰਡਾ ’ਚ 5.3, ਫਰੀਦਕੋਟ 4 ਤੇ ਗੁਰਦਾਸਪੁਰ ’ਚ 8.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ਵਿੱਚ ਅੰਬਾਲਾ, ਕਰਨਾਲ, ਨਾਰਨੌਲ, ਰੋਹਤਕ ਤੇ ਭਿਵਾਨੀ ’ਚ ਤਾਪਮਾਨ 5 ਤੋਂ 7 ਡਿਗਰੀ ਦੇ ਵਿਚਕਾਰ ਰਿਹਾ। ਚੰਡੀਗੜ੍ਹ ਦਾ ਤਾਪਮਾਨ 6.6 ਡਿਗਰੀ ਰਿਹਾ।

ਮੌਸਮ ਵਿਭਾਗ ਅਨੁਸਾਰ ਕਸ਼ਮੀਰ ਘਾਟੀ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਵਿੱਚ ਰਾਤ ਦਾ ਤਾਪਮਾਨ ਜਮਾਓ ਦਰਜੇ ਤੋਂ ਵੀ ਹੇਠਾਂ ਰਿਹਾ। ਸ੍ਰੀਨਗਰ ਦਾ ਤਾਪਮਾਨ ਮਨਫ਼ੀ 2.8 ਡਿਗਰੀ ਤੇ ਲੇਹ ਦਾ ਮਨਫ਼ੀ 16.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀ ਥਾਵਾਂ ਵਿੱਚੋਂ ਸ਼ਿਮਲਾ ਦਾ ਤਾਪਮਾਨ ਮਨਫ਼ੀ 0.6 ਡਿਗਰੀ, ਕੁਫਰੀ ਦਾ ਮਨਫ਼ੀ 4.6, ਮਨਾਲੀ ਦਾ ਮਨਫ਼ੀ 4.4 ਤੇ ਡਲਹੌਜ਼ੀ ਦਾ ਮਨਫ਼ੀ 2.4 ਡਿਗਰੀ ਦਰਜ ਕੀਤਾ ਗਿਆ। ਜਦਕਿ ਕਬਾਇਲੀ ਜ਼ਿਲ੍ਹੇ ਕਿੰਨੌਰ ’ਚ ਕਪਲਾ ਦਾ ਤਾਪਮਾਨ 8.4 ਡਿਗਰੀ ਰਿਹਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ ਬੀ ਪੀ ਸਾਂਝਾ