ਬਰਸਾਤ ਤੋਂ ਬਾਗ਼ਬਾਨ ਖ਼ੁਸ਼ ਪਰ ਆਲੂ ਉਤਪਾਦਕ ਚਿੰਤਾ ਚ

January 14 2020

ਪਿਛਲੇ ਚਾਰ ਪੰਜ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਜਿਸ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ, ਤੋਂ ਜਿਥੇ ਆਮ ਕਿਸਾਨ ਤੇ ਬਾਗ਼ਬਾਨੀ ਕਰਨ ਵਾਲੇ ਕਿਸਾਨ ਖ਼ੁਸ਼ ਹਨ ਉਥੇ ਆਲੂ ਉਤਪਾਦਕ ਡੂੰਘੀ ਚਿੰਤਾ ਵਿਚ ਹਨ ਕਿਉਂਕਿ ਇਹ ਬਰਸਾਤ ਆਲੂਆਂ ਲਈ ਕਾਫ਼ੀ ਜ਼ਿਆਦਾ ਨੁਕਸਾਨਦਾਇਕ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਚਾਰ ਪੰਜ ਸਾਲਾਂ ਵਿਚ ਮੰਦੀ ਦੀ ਮਾਰ ਝੱਲ ਰਹੇ ਆਲੂ ਉਤਪਾਦਕਾਂ ਨੂੰ ਇਸ ਵਾਰ ਚੰਗੇ ਮੁਨਾਫ਼ੇ ਦੀ ਆਸ ਹੈ ਕਿਉਂਕਿ ਇਸ ਵਾਰ ਆਲੂਆਂ ਦੇ ਭਾਅ ਵਿਚ ਚੰਗੀ ਤੇਜ਼ੀ ਚੱਲ ਰਹੀ ਹੈ ਜਿਸ ਦੇ ਆਉਣ ਵਾਲੇ ਦਿਨਾਂ ਵਿਚ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਇਸ ਵਾਰ ਇਕ ਤਾਂ ਆਲੂ ਹੇਠਾਂ ਅਨੁਮਾਨਤ ਪੰਜ ਫ਼ੀ ਸਦੀ ਰਕਬਾ ਘੱਟ ਹੈ ਅਤੇ ਦੂਜਾ ਕਈ ਆਲੂ ਉਤਪਾਦਕ ਰਾਜਾਂ ਵਿਚ ਆਲੂ ਦੀ ਫ਼ਸਲ ਦਾ ਪਹਿਲਾਂ ਹੀ ਨੁਕਸਾਨ ਹੋ ਚੁੱਕਾ ਹੈ।

ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਪਟਿਆਲਾ ਤੇ ਫ਼ਤਿਹਗੜ੍ਹ ਸਾਹਿਬ ਸਵਰਨ ਸਿੰਘ ਮਾਨ ਨੇ ਗੱਲ ਕਰਦੇ ਹੋਏ ਦਸਿਆ ਕਿ ਇਸ ਬਰਸਾਤ ਦਾ ਬਾਗ਼ਾਂ ਨੂੰ ਖ਼ਾਸ ਕਰ ਕੇ ਨਵੇਂ ਲਗਾਏ ਗਏ ਬਾਗ਼ਾਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੈ ਕਿਉਂਕਿ ਪੰਜਾਬ ਵਿਚ ਹਰ ਸਾਲ ਜਨਵਰੀ ਦੇ ਪਹਿਲੇ ਹਫ਼ਤੇ ਕੋਹਰਾ ਪੈਦਾ ਹੈ ਜੋ ਛੋਟੇ ਬੂਟਿਆਂ ਦਾ ਸੱਭ ਤੋਂ ਜ਼ਿਆਦਾ ਨੁਕਸਾਨ ਕਰਦਾ ਹੈ ਪਰ ਹੁਣ ਪੈ ਰਹੀ ਬਰਸਾਤ ਕਾਰਨ ਕੋਹਰੇ ਦੀ ਸੰਭਾਵਨਾ ਬਹੁਤ ਘੱਟ ਗਈ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਵੱਡੇ ਫਲਦਾਰ ਬੂਟਿਆਂ ਲਈ ਵੀ ਇਹ ਬਰਸਾਤ ਸੋਨੇ ਤੇ ਸੁਹਾਗੇ ਵਾਲਾ ਕੰਮ ਕਰੇਗੀ ਪ੍ਰੰਤੂ ਆਲੂ ਉਤਪਾਦਕਾਂ ਲਈ ਇਹ ਸਮੱਸਿਆ ਪੈਦਾ ਕਰ ਸਕਦੀ ਹੈ ਕਿਉਂਕਿ ਜਿਹੜੇ ਆਲੂ ਦੇ ਖੇਤਾਂ ਨੂੰ ਤਾਜ਼ਾ ਪਾਣੀ ਲਗਾਇਆ ਗਿਆ ਸੀ ਉਨ੍ਹਾਂ ਵਿਚ ਜੇਕਰ ਪਾਣੀ ਭਰ ਗਿਆ ਤਾਂ ਆਲੂਆਂ ਦੇ ਖੇਤ ਵਿਚ ਗਲ ਜਾਣ ਦਾ ਡਰ ਹੈ ਅਤੇ ਉਝ ਵੀ ਮੀਂਹ ਕਾਰਨ ਨਮੀ ਦੀ ਮਾਤਰਾਂ ਵਿਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਅਤੇ ਇਸ ਵਧੀ ਹੋਈ ਨਮੀ ਕਾਰਨ ਆਲੂਆਂ ਨੂੰ ਝੁਲਸ ਰੋਗ ਦਾ ਖ਼ਤਰਾਂ ਸੌ ਫ਼ੀ ਸਦੀ ਵੱਧ ਜਾਂਦਾ ਹੈ।

ਬਰਸਾਤ ਸਬੰਧੀ ਗੱਲ ਕਰਨ ਤੇ ਇਕ ਆਲੂ ਉਤਪਾਦਕ ਭੁਪਿੰਦਰ ਸਿੰਘ ਭਿੰਦਾ ਪਿੰਡ ਖਿਜਰਪੁਰ ਨੇ ਦਸਿਆ ਕਿ ਆਲੂ ਲਈ ਹੁਣ ਤਕ ਦਾ ਮੌਸਮ ਬਹੁਤ ਜ਼ਿਆਦਾ ਅਨੁਕੂਲ ਰਿਹਾ ਹੈ ਅਤੇ ਇਸ ਦਾ ਝਾੜ ਤੇ ਭਾਅ ਵੀ ਚੰਗਾ ਹੈ ਜਿਸ ਕਾਰਨ ਠੀਕ ਬੱਚਤ ਹੋ ਰਹੀ ਹੈ ਪਰ ਹੁਣ ਮੌਸਮੀ ਗੜਬੜ ਕਾਰਨ ਅੱਗੋਂ ਫ਼ਸਲ ਕੀ ਰੰਗ ਵਿਖਾਉਦੀ ਹੈ ਸਮਾਂ ਦੱਸੇਗਾ।

ਸਬਜ਼ੀਆਂ ਦੀ ਪਨੀਰੀ ਦਾ ਕੰਮ ਕਰਨ ਵਾਲੇ ਮੁਹੰਮਦ ਸਦੀਕ ਨੇ ਦਸਿਆ ਕਿ ਉਨ੍ਹਾਂ ਲਈ ਇਸ ਵਾਰ ਚੱਲ ਰਿਹਾ ਮੌਸਮ ਬਹੁਤ ਘਾਟੇ ਵਾਲਾ ਹੈ ਕਿਉਂਕਿ ਉਨ੍ਹਾਂ ਵਲੋਂ ਇਕ ਮਹੀਨਾ ਪਹਿਲਾਂ ਜਿਹੜੀਆਂ ਪਨੀਰੀਆਂ ਬੀਜੀਆਂ ਗਈਆਂ ਸਨ ਉਹ ਮੀਂਹ ਦੀ ਲਪੇਟ ਚ ਆ ਗਈਆਂ ਸਨ। ਉਸ ਤੋਂ ਬਾਅਦ ਉਨ੍ਹਾਂ ਮੁੜ ਮਹਿੰਗੇ ਭਾਅ ਬੀਜ ਲੈ ਕੇ ਪਨੀਰੀ ਬੀਜੀ ਅਤੇ ਇਸ ਉਪਰ ਪੋਲਥੀਨ ਦੀ ਸ਼ੀਟ ਵੀ ਪਾਈ ਪਰ ਲਗਾਤਾਰ ਧੁੱਪ ਨਾ ਨਿਕਲਣ ਕਾਰਨ ਸਾਰੀ ਪਨੀਰੀ ਉਲੀ ਰੋਗ ਬਲਾਈਟ ਦੀ ਭੇਟ ਚੜ੍ਹ ਗਈ। ਉਸ ਨੇ ਦਸਿਆ ਕਿ ਉਸ ਵਲੋਂ ਹੁਣ ਫਿਰ ਪਨੀਰੀ ਬੀਜੀ ਗਈ ਹੈ ਜੋ ਫਿਰ ਮੀਂਹ ਦੀ ਲਪੇਟ ਚ ਆ ਗਈ ਹੈ ਅਤੇ ਇਸ ਤੇ ਵੀ ਪਾਣੀ ਫਿਰ ਗਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ