ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ

May 04 2019

ਬਠਿੰਡੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਰੜਕਣ ਲੱਗੀ ਹੈ। ਜਿਨਸ ਕੇਂਦਰਾਂ ਅੰਦਰ ਲੱਗੇ ਬੋਰੀਆਂ ਦੇ ਅੰਬਾਰ ਅਤੇ ਕਣਕ ਸੁੱਟਣ ਨੂੰ ਜਗ੍ਹਾ ਨਾ ਮਿਲਣ ਕਾਰਨ ਜਿੱਥੇ ਬਹੁਤੇ ਕਿਸਾਨ ਆਪਣੀ ਕਣਕ ਘਰਾਂ ਵਿਚ ਸੁੱਟੀ ਬੈਠੇ ਹਨ ,ਉੱਥੇ ਹੀ ਲਿਫ਼ਟਿੰਗ ਦੀ ਰਫ਼ਤਾਰ ਦਾ ਕੰਮ ਢਿੱਲਾ ਹੋਣ ਪੰਜਾਬ ਸਰਕਾਰ ਖ਼ਿਲਾਫ਼ ਲੋਕਾਂ ਦਾ ਰੋਹ ਵਧ ਰਿਹਾ ਹੈ।

ਮੰਡੀ ਵਿੱਚ ਬੈਠੇ ਕਿਸਾਨ ਕਰਨੈਲ ਸਿੰਘ ਤੇ ਬਲਦੇਵ ਸਿੰਘ ਨੇ ਕਿਹਾ ਕਿ ਵੋਟਾਂ ਸਿਰ ’ਤੇ ਹੋਣ ਕਾਰਨ ਕਿਸਾਨਾਂ ਦੀ ਦਿਨੋਂ-ਦਿਨ ਵੱਧ ਰਹੀ ਖੱਜਲ-ਖ਼ੁਆਰੀ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬੇੜੀ ਵਿੱਚ ਵੱਟੇ ਪਾ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣਾ ਬਣਦਾ ਹਿੱਸਾ ਨਾ ਦਿੱਤੇ ਜਾਣ ਕਾਰਨ ਬਾਰਦਾਨੇ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਜਿਸ ਕਾਰਨ ਲੋਕ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਰਹੇ ਹਨ। ਬਠਿੰਡਾ ਦੇ ਪਿੰਡ ਮਹਿਮਾ ਸਰਜਾ, ਦਾਨ ਸਿੰਘ ਵਾਲਾ, ਬਲਾਢੇਵਾਲਾ, ਝੁੰਬਾਂ ਤੇ ਜੋਧਪੁਰ ਰੋਮਾਣਾ ਸਮੇਤ ਕਈ ਪਿੰਡਾਂ ਵਿੱਚ ਕਿਤੇ ਬੋਲੀ ਨੂੰ ਲੈ ਕੇ ਤਾਂ ਕਿਤੇ ਬਾਰਦਾਨੇ ਦੀ ਘਾਟ ਅਤੇ ਕਦੇ ਮੰਡੀਕਰਨ ਬੋਰਡ ਦੀਆਂ ਨਾਲਾਇਕੀਆਂ ਕਾਰਨ ਨਾਅਰੇਬਾਜ਼ੀ ਕਰ ਚੁੱਕੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨੀ ਦਾ ਪੱਤਾ ਖੇਡ ਕੇ ਬਣੀ ਕਾਂਗਰਸ ਸਰਕਾਰ ਦੀ ਫ਼ੂਕ ਨਿਕਲ ਚੁੱਕੀ ਹੈ ਤੇ ਇਸ ਨੇ ਹੁਣ ਤੱਕ ਕਿਸਾਨਾਂ ਨੂੰ ਖ਼ੁਆਰ ਕੀਤਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ