ਫੂਡ ਸੇਫ਼ਟੀ ਅਤੇ ਡੇਅਰੀ ਵਿਕਾਸ ਟੀਮਾਂ ਨੇ ਦੁੱਧ ਦੇ ਸੈਂਪਲ ਭਰੇ

June 08 2019

ਫੂਡ ਸੇਫ਼ਟੀ ਅਤੇ ਡੇਅਰੀ ਵਿਕਾਸ ਵਿਭਾਗਾਂ ਦੀ ਸਾਂਝੀ ਟੀਮ ਵੱਲੋਂ ਅੱਜ ਤੜਕਸਾਰ ਦੁੱਧ ਡੇਅਰੀਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਟੀਮ ਵਲੋਂ ਵੱਖ-ਵੱਖ ਪਦਾਰਥਾਂ ਦੇ ਕਰੀਬ 20 ਸੈਂਪਲ ਭਰੇ ਗਏ। ਜਾਣਕਾਰੀ ਦਿੰਦਿਆਂ ਮਨੋਜ ਖੋਸਲਾ ਸਹਾਇਕ ਕਮਿਸ਼ਨਰ (ਫੂਡ) ਨੇ ਦੱਸਿਆ ਕਿ ਅੱਜ ਤੜਕਸਾਰ 4:30 ਵਜੇ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ’ਤੇ ਸਥਿੱਤ ਵੱਖ-ਵੱਖ ਡੇਅਰੀਆਂ ਤੋਂ ਦੁੱਧ ਦੇ ਪੰਜ ਸੈਂਪਲ ਭਰੇ ਗਏ। ਇਨ੍ਹਾਂ ਟੀਮਾਂ ਵਿੱਚ ਸਹਾਇਕ ਕਮਿਸ਼ਨਰ ਫੂਡ ਸ਼੍ਰੀ ਮਨੋਜ ਖੋਸਲਾ ਤੋਂ ਇਲਾਵਾ ਡਿਪਟੀ ਡਾਇਰੈਕਟਰ ਡੇਅਰੀ ਦਵਿੰਦਰ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਰਾਖੀ ਵਿਨਾਇਕ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਦਸ ਦਿਨਾਂ ਵਿੱਚ ਜ਼ਿਲ੍ਹੇ ਭਰ ਵਿੱਚੋ ਵੱਖ-ਵੱਖ ਸਥਾਨਾਂ ਵਿੱਚ ਸਥਿਤ ਡੇਅਰੀਆਂ, ਮਿਲਕ ਕੁਲੈਕਸ਼ਨ ਸੈਂਟਰਾਂ ਅਤੇ ਦੁੱਧ ਸਪਲਾਈ ਕਰਨ ਵਾਲੀਆਂ ਗੱਡੀਆ ਆਦਿ ਤੋਂ ਦੁੱਧ ਦੇ 15 ਸੈਂਪਲ ਭਰੇ ਗਏ ਅਤੇ ਇਸੇ ਤਰ੍ਹਾਂ ਦੁੱਧ ਤੋਂ ਬਣੇ ਪਦਾਰਥਾਂ ਜਿਵੇਂ ਕਿ ਪਨੀਰ, ਦਹੀਂ ਅਤੇ ਦੇਸੀ ਘਿਉ ਆਦਿ ਦੇ 5 ਸੈਂਪਲ ਭਰੇ ਗਏ। ਉਨ੍ਹਾਂ ਦੱਸਿਆ ਕਿ ਗਰਮੀਆਂ ਦੀ ਰੁੱਤ ਵਿੱਚ ਦੁੱਧ ਦੀ ਮੰਗ ਅਤੇ ਪੂਰਤੀ ਵਿੱਚ ਅਸੰਤੁਲਨ ਆ ਜਾਂਦਾ ਹੈ ਜਿਸ ਕਾਰਨ ਦੁੱਧ ਵਿੱਚ ਮਿਲਾਵਟ ਦਾ ਖਦਸ਼ਾ ਵੱਧ ਜਾਂਦਾ ਹੈ, ਇਸ ਲਈ ਚੈਕਿੰਗ ਮੁਹਿੰਮ ਨੂੰ ਆਉਦੇਂ ਦਿਨਾਂ ਵਿੱਚ ਹੋਰ ਵੀ ਤੇਜ਼ ਕੀਤਾ ਜਾਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ