ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਅੱਜ ਤੋਂ

April 01 2019

ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਰਹੀ ਹੈ, ਜਿਸ ਲਈ ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਵਾਰ ਚੋਣਾਂ ਕਣਕ ਦੇ ਸੀਜ਼ਨ ਵਿਚ ਆ ਜਾਣ ਕਰਕੇ ਸਰਕਾਰ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਉਣ ਦੇਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਵਾਰ ਕਣਕ ਦੇ ਚੰਗੇ ਝਾੜ ਦੀ ਆਸ ਤਹਿਤ 190 ਲੱਖ ਟਨ ਕਣਕ ਦੀ ਪੈਦਾਵਾਰ ਦਾ ਅਨੁਮਾਨ ਹੈ। ਪਰ ਇਸ ਵਿਚੋਂ ਮੰਡੀਆਂ ਵਿਚ 130 ਲੱਖ ਟਨ ਕਣਕ ਦੀ ਆਮਦ ਦਾ ਹੀ ਅੰਦਾਜ਼ਾ ਹੈ। ਇਸ ਸਬੰਧੀ ਪੰਜਾਬ ਭਰ ਵਿੱਚ 1835 ਮੰਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ।

ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਅਨਿੰਦਿੱਤਾ ਮਿੱਤਰਾ (ਆਈਏਐੱਸ) ਦਾ ਕਹਿਣਾ ਸੀ ਕਿ 31 ਮਈ ਤੱਕ ਚੱਲਣ ਵਾਲ਼ੇ ਇਸ ਸੀਜ਼ਨ ਦੌਰਾਨ 130 ਲੱਖ ਟਨ ਕਣਕ ਦੀ ਮੰਡੀਆਂ ਵਿਚ ਆਮਦ ਦਾ ਅੰਦਾਜ਼ਾ ਹੈ। ਜਿਸ ਤਹਿਤ ਸਰਕਾਰ ਨੂੰ ਲੋੜੀਂਦੇ ਕਰੀਬ 28000 ਕਰੋੜ ਵਿਚੋਂ ਅਪਰੈਲ ਮਹੀਨੇ ਵਿਚ ਲੋੜੀਂਦੇ 19241 ਕਰੋੜ ਦੀ ਰਾਸ਼ੀ ਦਾ ਪ੍ਰਬੰਧ ਕਰ ਲਿਆ ਗਿਆ।

ਉਨ੍ਹਾਂ ਹੋਰ ਦੱਸਿਆ ਕਿ ਕੇਂਦਰ ਸਰਕਾਰ ਦੀ ਖਰੀਦ ਏਜੰਸੀ ਐਫ਼.ਸੀ.ਆਈ ਸਮੇਤ ਪੰਜਾਬ ਸਰਕਾਰ ਦੀਆਂ ਪੰਜੇ ਖਰੀਦ ਏਜੰਸੀਆਂ ਨੂੰ ਵੀ ਫਸਲ ਦੀ ਖਰੀਦ ਸਬੰਧੀ ਮਾਪਦੰਡ ਤੈਅ ਕਰ ਦਿੱਤੇ ਗਏ ਹਨ। ਐੱਫਸੀਆਈ ਸਮੇਤ ਪੰਜਾਬ ਸਰਕਾਰ ਦੀਆਂ ਏਜੰਸੀਆਂ ਮਾਰਕਫੈਡ, ਪਨਗਰੇਨ ਤੇ ਪਨਸਪ ਵੱਲੋਂ 26-26 ਲੱਖ ਮੀਟ੍ਰਿਕ ਟਨ (20-20 ਫੀਸਦੀ) ਮਾਲ ਦੀ ਖਰੀਦ ਕੀਤੀ ਜਾਵੇਗੀ। ਜਦਕਿ ਪੰਜਾਬ ਰਾਜ ਗੁਦਾਮ ਨਿਗਮ ਵੱਲੋਂ 11 ਫੀਸਦੀ, ਭਾਵ 14.30 ਲੱਖ ਮੀਟਰਿਕ ਟਨ ਅਤੇ ਪੰਜਾਬ ਐਗਰੋ ਖੁਰਾਕ ਨਿਗਮ ਪੰਜਾਬ ਵੱਲੋਂ 9 ਫੀਸਦੀ (11.70 ਲੱਖ ਮੀਟਰਿਕ ਟਨ) ਕਣਕ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਣਕ ਦੀ ਢੋਆ ਢੁਆਈ ਸਬੰਧੀ ਵੀ ਕੰਮ ਮੁਕੰਮਲ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਐਤਕੀਂ ਰੁਕ ਰੁਕ ਕੇ ਬਾਰਸ਼ਾਂ ਹੁੰਦੀਆਂ ਰਹਿਣ ਕਾਰਨ ਫਸਲ ਅਜੇ ਪੱਕਣ ਵਿਚ ਸਮਾਂ ਲਵੇਗੀ। ਇਸ ਤਹਿਤ ਮੁੱਖ ਰੂਪ ਵਿਚ ਮੰਡੀਆਂ ਵਿਚ ਫ਼ਸਲ ਦੀ ਆਮਦ ਘੱਟੋ ਘੱਟ 15 ਅਪਰੈਲ ਤੱਕ ਹੀ ਸ਼ੁਰੂ ਹੋਵੇਗੀ। ਉਧਰ ਆੜ੍ਹਤੀ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਦਾ ਕਹਿਣਾ ਸੀ ਕਿ ਭਾਵੇਂ ਅਜੇ ਪਟਿਆਲਾ ਖੇਤਰ ਵਿਚ ਵਾਢੀ ਕੁਝ ਦਿਨਾਂ ਤੱਕ ਸ਼ੁਰੂ ਹੋਵੇਗੀ, ਪਰ ਫੇਰ ਵੀ ਇਥੋਂ ਦੀਆਂ ਮੰਡੀਆਂ ਵਿਚ ਵੀ ਪਹਿਲੀ ਅਪਰੈਲ ਤੋਂ ਹੀ ਕਣਕ ਦੀ ਸਰਕਾਰੀ ਖਰੀਦ ਲਈ ਸਰਕਾਰੀ ਪੱਧਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ