ਪੰਜਾਬ ਲਈ ਖ਼ਤਰਾ ਬਣ ਸਕਦੇ ਝੋਨੇ ਦੇ ਸੀਜ਼ਨ ਚ ਆਉਣ ਵਾਲੇ ਪਰਵਾਸੀ ਮਜ਼ਦੂਰ, ਸਰਕਾਰ ਕਰ ਰਹੀ ਨਵੀਂ ਪਲਾਨਿੰਗ

May 19 2021

ਪੰਜਾਬ ਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਉੱਥੇ ਹੀ ਪਰਵਾਸੀ ਮਜ਼ਦੂਰਾਂ ਦੀ ਵਾਪਸੀ ਨੇ ਸਰਕਾਰ ਦੀਆਂ ਚਿੰਤਾਵਾਂ ਚ ਵਧਾ ਦਿੱਤੀਆਂ ਹਨ। ਪੰਜਾਬ ਦੇ ਕਿਸਾਨ ਝੋਨੇ ਦੀ ਬਿਜਾਈ ਲਈ ਪ੍ਰਵਾਸੀ ਮਜ਼ਦੂਰਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਜਦਕਿ ਸਿਹਤ ਮਾਹਿਰ ਇਨ੍ਹਾਂ ਨੂੰ ਟੈਸਟਿੰਗ ਤੇ ਟੀਕਾਕਰਨ ਦੀ ਚੇਤਾਵਨੀ ਦੇ ਰਹੇ ਹਨ। ਸੂਬੇ ਦੇ 25 ਪਿੰਡ ਪਹਿਲਾਂ ਹੀ ਕੰਟੇਨਮੈਂਟ ਜਾਂ ਮਾਈਕ੍ਰੇ-ਕੰਟੇਨਮੈਂਟ ਜ਼ੋਨ ਆਲਾਨੇ ਜਾ ਚੁੱਕੇ ਹਨ।

ਸਿਹਤ ਵਿਭਾਗ ਦਾ ਦਾਅਵਾ ਹੈ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਤੋਂ ਵਾਪਸ ਪਰਤਣ ਵਾਲੇ ਮਜ਼ਦੂਰਾਂ ਦੀ ਬਾਕਾਇਦਾ ਜਾਂਚ ਤੇ ਟੈਸਟਿੰਗ ਕੀਤੀ ਜਾਵੇਗੀ। ਮਾਹਿਰਾਂ ਦਾ ਸੁਝਾਅ ਹੈ ਕਿ ਕਿਸੇ ਦੀ ਤਰ੍ਹਾਂ ਦੀ ਢਿੱਲ ਪਿੰਡ ਵਾਸੀਆਂ ਲਈ ਖ਼ਤਰਨਾਕ ਹੋ ਸਕਦੀ ਹੈ। ਉਨ੍ਹਾਂ ਕਿਹਾ, "ਟੈਸਟਿੰਗ ਹੀ ਹੱਲ ਹੈ ਤੇ ਪਿੰਡਾਂ ਚ ਦਾਖਲ ਹੋਣ ਵਾਲਿਆਂ ਲਈ ਘੱਟੋ-ਘੱਟ 10 ਦਿਨਾਂ ਦੀ ਆਈਸੋਲੇਸ਼ਨ ਲਾਜ਼ਮੀ ਹੋਣੀ ਚਾਹੀਦੀ ਹੈ।"

ਮਿਲੀਆਂ ਰਿਪੋਰਟਾਂ ਮੁਤਾਬਕ ਪਰਵਾਸੀਆਂ ਨੇ ਕਿਸਾਨਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਵਾਪਸ ਆਉਣ ਲਈ ਤਿਆਰ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮਜ਼ਦੂਰ ਆਖਰ ਰਹੇ ਹਨ ਕਿ ਉਹ ਰਾਸ਼ਨ-ਪਾਣੀ ਤੇ ਰਿਹਾਇਸ਼ ਦੇ ਪ੍ਰਬੰਧ ਨੂੰ ਯਕੀਨੀ ਬਣਾਉਣ। ਝੋਨੇ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਜੇਕਰ ਲੌਕਡਾਊਨ ਵੱਧਦਾ ਹੈ ਤਾਂ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦਾ ਵੀ ਪ੍ਰਬੰਧ ਕੀਤਾ ਜਾਵੇ। ਹਾਲਾਂਕਿ ਲੱਖਾਂ ਪ੍ਰਵਾਸੀ ਲੌਕਡਾਊਨ ਦਰਮਿਆਨ ਆਪਣੇ ਪਿੰਡਾਂ ਨੂੰ ਵਾਪਸ ਪਰਤੇ ਹਨ। ਹੁਣ ਮਜ਼ਦੂਰਾਂ ਨੂੰ ਅਗਲੇ ਹਫ਼ਤੇ ਬੱਸਾਂ ਚ ਲਿਆਂਦਾ ਜਾਵੇਗਾ।

ਸਿਹਤ ਅਧਿਕਾਰੀਆਂ ਨੂੰ ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬ ਚ ਦਾਖਲ ਹੋਣ ਵਾਲੇ ਬਹੁਤੇ ਮਜ਼ਦੂਰਾਂ ਨੇ ਆਪਣੇ ਜੱਦੀ ਸੂਬੇ ਚ ਟੀਕਾਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇੱਥੋਂ ਤਕ ਕਿ ਬਗੈਰ ਜਾਂਚ ਕੀਤੇ ਹੀ ਪੰਜਾਬ ਚ ਦਾਖਲ ਹੋ ਰਹੇ ਹਨ। ਉੱਚ ਸਿਹਤ ਅਧਿਕਾਰੀ ਨੇ ਕਿਹਾ, "ਸਾਨੂੰ ਡਰ ਹੈ ਕਿ ਹਜ਼ਾਰਾਂ ਪ੍ਰਵਾਸੀ ਪੰਜਾਬ ਚ ਦਾਖਲ ਹੋਣਗੇ, ਜਿਵੇਂ ਉਹ ਹਰੇਕ ਸੀਜ਼ਨ ਚ ਆਉਂਦੇ ਹਨ। ਇਸ ਦੌਰਾਨ ਹਾਲਾਤ ਹੋਰ ਖਤਰਨਾਕ ਹੋ ਸਕਦੇ ਹਨ, ਜੇ ਉਹ ਕੋਵਿਡ ਨੈਗੇਟਿਵ ਰਿਪੋਰਟ ਲੈ ਕੇ ਨਹੀਂ ਆਉਣਗੇ।"

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live