ਪੰਜਾਬ ਦੇ ਜਾਨਵਰ ਤੇ ਪਸ਼ੂ ਵੀ ਹੋਏ ਕੈਂਸਰ ਦਾ ਸ਼ਿਕਾਰ

March 13 2020

ਪੰਜਾਬ ’ਚ ਵਧ ਰਹੇ ਪ੍ਰਦੂਸ਼ਣ ਤੇ ਪੀਣ ਵਾਲੇ ਪਾਣੀ ’ਚ ਰਸਾਇਣਕ ਕਚਰੇ ਕਾਰਨ ਹੁਣ ਪਸ਼ੂਆਂ ਅਤੇ ਜਾਨਵਰਾਂ ਵਿਚ ਵੀ ਕੈਂਸਰ ਨੇ ਪੈਰ ਪਸਾਰ ਲਏ ਹਨ। ਇਹ ਜਾਣਕਾਰੀ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਆਰਟੀਆਈ ਤਹਿਤ ਜਾਰੀ ਕੀਤੀ ਸੂਚਨਾ ਤੋਂ ਮਿਲੀ ਹੈ। ਇਹ ਸੂਚਨਾ ਸਾਲ 2010 ਤੋਂ ਫਰਵਰੀ 2020 ਤੱਕ ਦੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਚ 342, ਬਠਿੰਡਾ ਵਿਚ 615 ਅਤੇ ਫਿਰੋਜ਼ਪੁਰ ’ਚ 235 ਪਸ਼ੂਆਂ ਤੇ ਜਾਨਵਰਾਂ ਨੂੰ ਕੈਂਸਰ ਹੈ।

ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਲੁਧਿਆਣਾ, ਸੰਗਰੂਰ, ਫਾਜ਼ਿਲਕਾ, ਰੂਪਨਗਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿਚ ਕੈਂਸਰ ਨਾਲ ਪੀੜਤ ਪਸ਼ੂਆਂ ਅਤੇ ਜਾਨਵਰਾਂ ਦੀ ਗਿਣਤੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ ਦੇ ਪਸ਼ੂ ਹਸਪਤਾਲਾਂ ਵੱਲੋਂ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਸੁਸਾਇਟੀ ਨੇ ਇਹ ਵੀ ਦੋਸ਼ ਲਾਇਆ ਕਿ ਫ਼ਰੀਦਕੋਟ, ਪਟਿਆਲਾ ਅਤੇ ਹੁਸ਼ਿਆਰਪੁਰ ਦੇ ਪਸ਼ੂ ਹਸਪਤਾਲਾਂ ਵੱਲੋਂ ਅਧੂਰੀਆਂ ਅਤੇ ਗ਼ਲਤ ਸੂਚਨਾਵਾਂ ਭੇਜੀਆਂ ਗਈਆਂ। ਕੁਝ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦੀ ਜਾਣਕਾਰੀ ਵਿਭਾਗ ਪਾਸੋਂ ਮੰਗੀ ਗਈ ਸੀ, ਜਿਸ ਵਿਚ ਵਿਭਾਗ ਨੇ ਦੱਸਿਆ ਸੀ ਕਿ 2010 ਤੱਕ ਹੁਸ਼ਿਆਰਪੁਰ ’ਚ 37 ਕੁੱਤਿਆਂ, ਲੁਧਿਆਣਾ ’ਚ 46 ਗਾਵਾਂ, ਮੱਝਾਂ ਤੇ ਕੁੱਤਿਆਂ, ਫ਼ਰੀਦਕੋਟ ‘ਚ 90 ਪਸ਼ੂਆਂ ਤੇ ਪਟਿਆਲਾ ‘ਚ 23 ਪਸ਼ੂਆਂ ਨੂੰ ਕੈਂਸਰ ਹੈ।

ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਆਖਿਆ ਕਿ ਪਸ਼ੂ ਪਾਲਣ ਵਿਭਾਗ ਨੂੰ ਜਾਣਕਾਰੀ ਲੁਕਾਉਣੀ ਨਹੀਂ ਚਾਹੀਦੀ, ਸਗੋਂ ਜਨਤਕ ਕਰਨੀ ਚਾਹੀਦੀ ਹੈ ਤੇ ਇਸ ਬਾਰੇ ਸਰਕਾਰ ਨੂੰ ਗੰਭੀਰ ਹੋ ਕੇ ਹੱਲ ਕੱਢਣੇ ਚਾਹੀਦੇ ਹਨ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਅਨੁਸਾਰ ਜਿਹੜੇ ਪਸ਼ੂ ਹਸਪਤਾਲਾਂ ਵਿਚ ਆਉਂਦੇ ਹਨ, ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ