ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ!

October 14 2019

ਪੰਜਾਬ ਦੇ 16 ਲੱਖ ਦੇ ਕਰੀਬ ਕਿਸਾਨ ਪਰਿਵਾਰ ਮੋਦੀ ਸਰਕਾਰ ਦੀ ਸਾਲਾਨਾ 6 ਹਜ਼ਾਰੀ ਸਕੀਮ ਦਾ ਲਾਹਾ ਲੈ ਸਕਣਗੇ। ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਮਿਲਣਗੇ।

ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਭਾਰਤ ਸਰਕਾਰ ਨੂੰ ਦਿੱਤੇ ਤਾਜ਼ਾ ਅੰਕੜਿਆਂ ਮੁਤਾਬਕ 9 ਲੱਖ 26 ਹਜ਼ਾਰ ਕਿਸਾਨ ਪਰਿਵਾਰਾਂ ਨੂੰ ਇਸ ਯੋਜਨਾ ਤਹਿਤ ਲਿਆਂਦਾ ਜਾ ਚੁੱਕਾ ਹੈ। ਭਾਰਤ ਸਰਕਾਰ ਵੱਲੋਂ ਇਹ ਯੋਜਨਾ ਚਲੰਤ ਮਾਲੀ ਸਾਲ ਤੋਂ ਹੀ ਸ਼ੁਰੂ ਕੀਤੀ ਗਈ ਸੀ। ਹੁਣ ਤੱਕ 9 ਲੱਖ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ 500 ਕਰੋੜ ਰੁਪਏ ਦੇ ਕਰੀਬ ਦਾ ਲਾਭ ਮਿਲ ਚੁੱਕਾ ਹੈ।

ਭਾਰਤ ਸਰਕਾਰ ਦੀਆਂ ਮੁੱਢਲੀਆਂ ਸ਼ਰਤਾਂ ਮੁਤਾਬਕ 6 ਹਜ਼ਾਰ ਰੁਪਏ ਦੀ ਰਾਸ਼ੀ ਸਿਰਫ਼ ਸੀਮਾਂਤ ਤੇ ਛੋਟੇ ਕਿਸਾਨਾਂ ਨੂੰ ਹੀ ਦੇਣੀ ਸੀ ਪਰ ਸੰਸਦੀ ਚੋਣਾਂ ’ਚ ਬੀਜੇਪੀ ਦੀ ਜਿੱਤ ਮਗਰੋਂ ਸਾਰੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਖੇਤੀਬਾੜੀ ਵਿਭਾਗ ਮੁਤਾਬਕ ਕੇਂਦਰ ਵੱਲੋਂ ਜ਼ਮੀਨ ਦੀ ਸ਼ਰਤ ਹਟਾਏ ਜਾਣ ਮਗਰੋਂ 24,97,402 ਕਿਸਾਨ ਪਰਿਵਾਰਾਂ ਨੂੰ ਇਸ ਯੋਜਨਾ ਅਧੀਨ ਲਿਆਉਣ ਲਈ ਸੂਚੀਆਂ ਬਣਾਈਆਂ ਗਈਆਂ ਸਨ।

ਕੇਂਦਰ ਸਰਕਾਰ ਦੀ ਸ਼ਰਤ ਮੁਤਾਬਕ ਜੇ ਕੋਈ ਕਿਸਾਨ ਸਰਕਾਰੀ ਨੌਕਰੀ ਜਾਂ ਵਪਾਰ ਕਰਦਾ ਹੈ ਤੇ ਆਦਮਨ ਕਰ ਦੀ ਰਿਟਰਨ ਭਰਦਾ ਹੈ ਤਾਂ ਇਹ ਲਾਭ ਉਸ ਨੂੰ ਨਹੀਂ ਦਿੱਤਾ ਜਾ ਸਕਦਾ। ਇਸ ਤਰ੍ਹਾਂ ਮਾਲ ਵਿਭਾਗ ਦੇ ਪਟਵਾਰੀਆਂ ਨੇ ਅਜਿਹੇ ਕਿਸਾਨਾਂ ਦੀ ਛਾਂਟੀ ਕਰਦਿਆਂ 2,39,218 ਕਿਸਾਨਾਂ ਨੂੰ ਯੋਜਨਾਂ ਤੋਂ ਬਾਹਰ ਕੱਢ ਦਿੱਤਾ ਹੈ।

ਵਿਭਾਗ ਦਾ ਕਹਿਣਾ ਹੈ ਕਿ 5 ਲੱਖ 4 ਹਜ਼ਾਰ 451 ਪਰਿਵਾਰਾਂ ਨੂੰ ਰਾਜ ਸਰਕਾਰ ਵੱਲੋਂ ਪਹਿਲਾਂ ਹੀ ਕਰਜ਼ਾ ਮੁਆਫ਼ੀ ਸਕੀਮ ਅਧੀਨ ਲਿਆਂਦਾ ਗਿਆ ਸੀ ਤੇ ਇਹ ਪਰਿਵਾਰ ਕੇਂਦਰ ਸਰਕਾਰ ਦੀ ਯੋਜਨਾ ਦਾ ਲਾਭ ਲੈ ਸਕਣਗੇ। ਪਟਵਾਰੀਆਂ ਵੱਲੋਂ ਕੀਤੀ ਛਾਂਟੀ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ 24 ਲੱਖ ਤੋਂ ਵੱਧ ਪਰਿਵਾਰਾਂ ਵਿੱਚੋਂ 16 ਲੱਖ ਦੇ ਕਰੀਬ ਅਜਿਹੇ ਕਿਸਾਨ ਪਰਿਵਾਰ ਬਚ ਜਾਣਗੇ, ਜਿਨ੍ਹਾਂ ਨੂੰ ਕੇਂਦਰ ਦੀ ਇਸ ਯੋਜਨਾ ਦਾ ਲਾਭ ਮਿਲੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ