ਪੰਜਾਬ ਦੇ 10 ਕਿਸਾਨ ਬਣੇ ਭਾਰਤ ਦੇ ਹੀਰੋ, ਮੋਦੀ ਸਰਕਾਰ ਨੇ ਸਨਮਾਨਿਆ

September 11 2019

ਪੰਜਾਬ ਦੇ 10 ਕਿਸਾਨ ਭਾਰਤ ਦੇ ਹੀਰੋ ਬਣੇ ਹਨ ਜਿਨ੍ਹਾਂ ਤੋਂ ਹੋਰਾਂ ਨੂੰ ਵੀ ਸੇਧ ਮਿਲੇਗੀ। ਮੋਦੀ ਸਰਕਾਰ ਨੇ ਇਨ੍ਹਾਂ ਕਿਸਾਨਾਂ ਨੂੰ ਸਨਮਾਨਿਆ ਹੈ। ਭਾਰਤ ਸਰਕਾਰ ਵੱਲੋਂ ਪੰਜਾਬ ਦੇ ਇਨ੍ਹਾਂ 10 ਅਗਾਂਹਵਧੂ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਨ੍ਹਾਂ ਕਿਸਾਨਾਂ ਵੱਲੋਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾ ਕੇ ਇਸ ਨੂੰ ਜ਼ਮੀਨ ਵਿੱਚ ਹੀ ਖਪਾਉਣ ਦੀਆਂ ਵਿਧੀਆਂ ਨੂੰ ਅਪਣਾਇਆ ਗਿਆ ਹੈ।

ਕੇਂਦਰੀ ਖੇਤੀਬਾੜੀ ਰਾਜ ਮੰਤਰੀ ਪ੍ਰਸ਼ੋਤਮ ਰੁਪਾਲਾ ਵੱਲੋਂ ਇਨ੍ਹਾਂ ਅਗਾਂਹਵਧੂ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਦੇ ਨਿਪਟਾਰੇ ਬਾਰੇ ਕਿਸਾਨਾਂ ਦੀ ਹੋਈ ਕੌਮੀ ਕਾਨਫਰੰਸ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਕੇਂਦਰੀ ਮੰਤਰੀ ਵੱਲੋਂ ਸਨਮਾਨਿਤ ਕੀਤੇ ਗਏ ਇਨ੍ਹਾਂ ਕਿਸਾਨਾਂ ਵਿੱਚ ਡਾ. ਹਰਮਿੰਦਰ ਸਿੰਘ ਸਿੱਧੂ (ਜਲਾਲਦੀਵਾਲ, ਜ਼ਿਲ੍ਹਾ ਲੁਧਿਆਣਾ), ਗੁਰਿੰਦਰ ਸਿੰਘ ਗਿੱਲ (ਕਨੋਈ, ਜ਼ਿਲ੍ਹਾ ਸੰਗਰੂਰ), ਜਗਤਾਰ ਸਿੰਘ ਬਰਾੜ (ਮਹਿਮਾ ਸਰਜਾ, ਜ਼ਿਲ੍ਹਾ ਬਠਿੰਡਾ), ਨਰਿੰਦਰ ਸਿੰਘ (ਬੁਹ ਹਵੇਲੀਆਂ. ਜ਼ਿਲ੍ਹਾ ਤਰਨ ਤਾਰਨ), ਸੁਖਜੀਤ ਸਿੰਘ (ਦਿਵਾਲਾ, ਜ਼ਿਲ੍ਹਾ ਲੁਧਿਆਣਾ) , ਭੁਪਿੰਦਰ ਸਿੰਘ (ਬਦਨਪੁਰ, ਜ਼ਿਲ੍ਹਾ ਮੁਹਾਲੀ), ਬੀਰ ਦਲਵਿੰਦਰ ਸਿੰਘ (ਕਲਾ ਮਾਜਰੀ, ਜ਼ਿਲ੍ਹਾ ਪਟਿਆਲਾ), ਬਲਵਿੰਦਰ ਸਿੰਘ (ਘਰਾਂਗਣਾ, ਜ਼ਿਲ੍ਹਾ ਮਾਨਸਾ), ਗੁਰਦਿਆਲ ਸਿੰਘ (ਸਲੋਪੁਰ, ਜ਼ਿਲ੍ਹਾ ਗੁਰਦਾਸਪੁਰ) ਅਤੇ ਹਰਵਿੰਦਰ ਸਿੰਘ ਬੜਿੰਗ (ਕੋਠੇ ਗੋਬਿੰਦਪੁਰਾ, ਜ਼ਿਲ੍ਹਾ ਬਰਨਾਲਾ) ਸ਼ਾਮਲ ਹਨ।

ਕੇਂਦਰ ਸਰਕਾਰ ਵੱਲੋਂ ਦਿੱਲੀ ਵਿੱਚ ਐਨਏਐਸਸੀ ਕੰਪਲੈਕਸ ਵਿਚ ਕਰਵਾਈ ਗਈ ਇਸ ਕੌਮੀ ਕਾਨਫਰੰਸ ਵਿੱਚ ਪੰਜਾਬ ਦੇ 500 ਤੋਂ ਵਧੇਰੇ ਕਿਸਾਨਾਂ ਨੇ ਹਿੱਸਾ ਲਿਆ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਵਿਭਾਗ ਪੰਜਾਬ ਤੋਂ ਇਲਾਵਾ ਹੋਰ ਵਿਭਾਗਾਂ ਤੇ ਅਦਾਰਿਆਂ ਦੇ ਮਾਹਿਰਾਂ ਤੇ ਕਿਸਾਨਾਂ ਵੱਲੋਂ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ