ਪੰਜਾਬ ਤੇ ਹਰਿਆਣਾ ’ਚ ਗਰਮੀ ਤੋਂ ਰਾਹਤ

June 18 2019

ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਪਏ ਮੀਂਹ ਤੇ ਕੁਝ ਥਾਈਂ ਬੱਦਲਵਾਈ ਕਾਰਨ ਲੋਕਾਂ ਨੂੰ ਝੁਲਸਾਉਣ ਵਾਲੀ ਗਰਮੀ ਤੋਂ ਰਾਹਤ ਮਿਲੀ। ਪੰਜਾਬ ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਤੇ ਕੁਝ ਹੋਰਨਾਂ ਖੇਤਰਾਂ ਵਿੱਚ ਜਿੱਥੇ ਹਲਕੀ ਬਾਰਿਸ਼ ਹੋਈ, ਉਥੇ ਹਰਿਆਣਾ ਦੇ ਸਿਰਸਾ, ਫ਼ਤਿਹਾਬਾਦ, ਮਹਿੰਦਰਗੜ੍ਹ ਤੇ ਕੁਝ ਹੋਰ ਥਾਈਂ ਲੋਕਾਂ ਨੇ ਹਲਕੀ ਤੋਂ ਦਰਮਿਆਨੇ ਮੀਂਹ ਦਾ ਆਨੰਦ ਲਿਆ। ਇਸ ਦੌਰਾਨ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਦਿਨ ਭਰ ਬੱਦਲਵਾਈ ਰਹੀ। ਮੌਸਮ ਵਿਭਾਗ ਨੇ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਵਿੱਚ ਅਗਲੇ ਦੋ ਦਿਨ (17 ਤੇ 18 ਜੂਨ) ਨੂੰ ਬੱਦਲਵਾਈ ਅਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਦਸਵੀਂ ਜਮਾਤ ਦੇ ਵਿਦਿਆਰਥੀ ਆਦਿੱਤਿਆ ਨੇ ਕਿਹਾ, ‘ਕਈ ਦਿਨਾਂ ਦੀ ਝੁਲਸਾਉਣ ਵਾਲੇ ਗਰਮ ਮੌਸਮ ਮਗਰੋਂ ਸਾਨੂੰ ਹੁਣ ਕੁਝ ਮੀਂਹ ਪੈਣ ਦੀ ਆਸ ਹੈ। ਮੌਜੂਦਾ ਸੀਜ਼ਨ ਦੌਰਾਨ ਚੰਡੀਗੜ੍ਹ ਵਿੱਚ ਵੀ ਆਮ ਨਾਲੋਂ ਹਟ ਕੇ ਗਰਮੀ ਵੇਖਣ ਨੂੰ ਮਿਲੀ ਤੇ ਲੰਘੇ ਦਿਨ ਸ਼ਹਿਰ ਦਾ ਉਪਰਲਾ ਤਾਪਮਾਨ 43 ਡਿਗਰੀ ਦੇ ਨੇੜੇ ਪੁੱਜ ਗਿਆ ਸੀ। ਮੌਸਮ ਵਿੱਚ ਆਈ ਤਬਦੀਲੀ ਨਾਲ ਰਾਹਤ ਮਿਲੀ ਹੈ।’ ਇਕ ਹੋਰ ਵਿਦਿਆਰਥੀ ਜਾਹਨਵੀ ਨੇ ਕਿਹਾ, ‘ਐਤਕੀਂ ਗਰਮੀ ਦੀਆਂ ਛੁੱਟੀਆਂ ਵਿੱਚ ਅਸੀਂ ਘਰਾਂ ਵਿੱਚ ਤੜੇ ਰਹਿਣ ਲਈ ਮਜਬੂਰ ਹਾਂ। ਗਰਮੀ ਇੰਨੀ ਹੈ ਕਿ ਖੇਡਣ ਲਈ ਵੀ ਬਾਹਰ ਨਹੀਂ ਜਾ ਸਕਦੇ। ਪਰ ਅੱਜ ਮੌਸਮ ਵਿੱਚ ਆਈ ਤਬਦੀਲੀ ਨਾਲ ਰਾਹਤ ਮਿਲੀ ਹੈ।’

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ