ਪੰਜਾਬ ਚ ਹੁਣ ਕੂੜੇ ਤੋਂ ਬਣੇਗੀ ਬਿਜਲੀ, ਕੈਪਟਨ ਸਰਕਾਰ ਨੇ ਦਿੱਤੀ ਮਨਜ਼ੂਰੀ

January 08 2020

ਪੰਜਾਬ ਵਿੱਚ ਹੁਣ ਕੂੜੇ ਕਰਕਟ ਤੋਂ ਬਿਜਲੀ ਬਣਆਈ ਜਾਏਗੀ। ਇਸ ਦੀ ਪਹਿਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਮਗੌਲੀ (ਡੇਰਾਬੱਸੀ) ਦੀ 50 ਏਕੜ ਜ਼ਮੀਨ ਵਿੱਚ ਕੂੜੇ ਤੋਂ ਬਿਜਲੀ ਪੈਦਾ ਕਰਨਾ ਵਾਲਾ 7 ਮੈਗਾਵਾਟ ਬਿਜਲੀ ਪ੍ਰਾਜੈਕਟ ਲਗਾਇਆ ਜਾਵੇਗਾ। ਉਂਝ ਇਹ ਪਲਾਂਟ ‘ਬਣਾਓ ਅਪਣਾਓ ਤੇ ਚਲਾਓ’ (ਬੀਓਓ) ਮਾਡਲ ਦੇ ਆਧਾਰ ’ਤੇ ਲਾਇਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰਾਜੈਕਟ ਨੂੰ ਹਰੀ ਦੇ ਦਿੱਤੀ ਹੈ।

ਇਸ ਪ੍ਰਾਜੈਕਟ ਤਹਿਤ ਮੁਹਾਲੀ ਤੇ ਪਟਿਆਲਾ ਤੋਂ ਇਕੱਠੇ ਕੀਤੇ ਜਾਂਦੇ 600 ਟਨ ਪ੍ਰਤੀ ਦਿਨ ਕੂੜੇ ਤੋਂ ਬਿਜਲੀ ਪੈਦਾ ਕੀਤੀ ਜਾਵੇਗੀ। ਇਹ ਪ੍ਰਾਜੈਕਟ ਅਗਲੇ ਦੋ ਸਾਲਾਂ ਵਿੱਚ ਪੂਰਾ ਕੀਤਾ ਜਾਵੇਗਾ। ਸਥਾਨਕ ਸਰਕਾਰਾਂ ਵਿਭਾਗ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਨੋਡਲ ਏਜੰਸੀ ਹੈ।

ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਤੇ ਮੁਹਾਲੀ ਨਗਰ ਨਿਗਮ ਵਿਚਾਲੇ ਆਪਸੀ ਸਹਿਮਤੀ ਦਾ ਸਮਝੌਤਾ (ਐਮਓਯੂ) ਸਹੀਬੱਧ ਕਰਨ ਦੀ ਪ੍ਰਵਾਨਗੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਵਿਲੱਖਣ ਪ੍ਰਾਜੈਕਟ ਜਲਵਾਯੂ ਤਬਦੀਲੀ ਬਾਰੇ ਸੂਬੇ ਦੇ ਐਕਸ਼ਨ ਪਲਾਨ ਤੇ ਸਵੱਛ ਭਾਰਤ ਅਭਿਆਨ ਮੁਹਿੰਮ ਨੂੰ ਲਾਗੂ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।

ਮਿਉਂਸਪਲ ਸਾਲੇਡ ਵੇਸਟ ਜੋ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਵੱਡੀ ਚੁਣੌਤੀ ਰਹੀ ਹੈ, ਨੂੰ ਹੁਣ ਨਵਿਉਣਯੋਗ ਊਰਜਾ ਦੇ ਸ੍ਰੋਤ ਵਜੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤੋਂ ਵਿੱਚ ਲਿਆਂਦਾ ਜਾਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ