ਪੰਜਾਬ ਚ ਵਿਗੜੇਗਾ ਮੌਸਮ, ਮੀਂਹ ਤੇ ਹਨ੍ਹੇਰੀ ਦੀ ਚੇਤਾਵਨੀ

May 10 2019

ਅੱਤ ਦੀ ਗਰਮੀ ਤੋਂ ਰਾਹਤ ਦੀ ਖ਼ਬਰ ਹੈ ਕਿ ਪੰਜਾਬ ਵਿੱਚ ਆਉਂਦੇ ਹਫ਼ਤੇ ਮੀਂਹ ਪੈ ਸਕਦਾ ਹੈ। ਮੌਸਮ ਭਵਿੱਖਬਾਣੀ ਏਜੰਸੀ ਸਕਾਈਮੈੱਟ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਤੇ ਕੌਮੀ ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਵਿੱਚ ਬਾਰਸ਼ ਹੋ ਸਕਦੀ ਹੈ, ਜਿਸ ਕਾਰਨ ਤਾਪਮਾਨ ਤੋਂ ਰਾਹਤ ਦੀ ਆਸ ਹੈ। ਉੱਥੇ ਹੀ ਵਾਢੀ ਦੇਰ ਨਾਲ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੈ।

ਭਵਿੱਖਬਾਣੀ ਮੁਤਾਬਕ ਪੰਜਾਬ ਵਿੱਚ ਆਉਂਦੀ 10 ਤੋਂ 16 ਮਈ ਤਕ ਧੂੜ ਭਰੀ ਹਨੇਰੀ ਦੇ ਨਾਲ-ਨਾਲ ਗਰਜ ਤੇ ਚਮਕ ਨਾਲ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹਿਮਾਚਲ ਪ੍ਰਦੇਸ਼ ਵਿੱਚ ਵੀ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ।

ਹਿਮਾਚਲ ਮੌਸਮ ਵਿਭਾਗ ਨੇ ਤਾਂ ਯੈਲੋ ਵੈਦਰ ਵਾਰਨਿੰਗ ਵੀ ਜਾਰੀ ਕਰ ਦਿੱਤੀ ਹੈ। ਇੱਥੇ ਭਾਰੀ ਮੀਂਹ ਦੇ ਨਾਲ-ਨਾਲ ਝੱਖੜ ਕਾਰਨ ਜਨਜੀਵਨ ਪ੍ਰਭਾਵਿਤ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤਿਆਂ ਤੋਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਚ ਪਾਰਾ 40 ਡਿਗਰੀ ਤੋਂ ਪਾਰ ਪਹੁੰਚਿਆ ਹੋਇਆ ਹੈ। ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦੀ ਉਮੀਦ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ