ਪੰਜਾਬ ਚ ਅੱਜ ਮੁੜ ਬਾਰਿਸ਼ ਦੀ ਸੰਭਾਵਨਾ, ਪਹਿਲੀ ਫਰਵਰੀ ਤਕ ਛਾਏ ਰਹਿਣਗੇ ਬੱਦਲ

January 29 2020

ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਮੰਗਲਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਚ ਬਾਰਿਸ਼ ਹੋਈ। ਬਾਰਿਸ਼ ਨਾਲ ਅਚਾਨਕ ਠੰਢ ਵੱਧ ਗਈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਮੁੜ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਹਿਲੀ ਫਰਵਰੀ ਤਕ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ।

ਮੰਗਲਵਾਰ ਨੂੰ ਲੁਧਿਆਣਾ ਚ 3.5 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਉੱਥੇ ਬਠਿੰਡਾ ਚ 5.5, ਅੰਮ੍ਰਿਤਸਰ ਚ 1.8, ਪਟਿਆਲਾ ਚ 5.6 ਤੇ ਚੰਡੀਗੜ੍ਹ ਚ 2.6 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਬਾਰਿਸ਼ ਨਾਲ ਦਿਨ ਦੇ ਤਾਪਮਾਨ ਚ ਸੱਤ ਡਿਗਰੀ ਸੈਲਸੀਅਸ ਤਕ ਗਿਰਾਵਟ ਦਰਜ ਕੀਤੀ ਗਈ। ਘੱਟੋ-ਘੱਟ ਤਾਪਮਾਨ ਸਾਧਾਰਨ ਤੋਂ ਪੰਜ ਤੋਂ ਛੇ ਡਿਗਰੀ ਸੈਲਸੀਅਸ ਜ਼ਿਆਦਾ ਰਿਹਾ।

ਇਸ ਦੌਰਾਨ ਹਿਮਾਚਲ ਪ੍ਰਦੇਸ਼ ਚ ਸੋਮਵਾਰ ਅੱਧੀ ਰਾਤ ਤੋਂ ਮੌਸਮ ਨੇ ਫਿਰ ਕਰਵਟ ਬਦਲੀ ਤੇ ਬਾਰਿਸ਼ ਦੇ ਨਾਲ ਬਰਫ਼ਬਾਰੀ ਦਾ ਦੌਰ ਸ਼ੁਰੁ ਹੋ ਗਿਆ। ਮੰਗਲਵਾਰ ਨੂੰ ਸ਼ਿਮਲਾ ਸਮੇਤ ਮਨਾਲੀ, ਕੁਫਰੀ ਤੇ ਡਲਹੌਜ਼ੀ ਚ ਬਰਫ਼ ਦੀ ਚਾਦਰ ਵਿਛ ਗਈ। ਉੱਪਰਲੇ ਹਿਮਾਚਲ ਚ ਭਾਰੀ ਬਰਫ਼ਬਾਰੀ ਹੋਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਤਾਜ਼ਾ ਬਰਫ਼ਬਾਰੀ ਨਾਲ ਕੜਾਕੇ ਦੀ ਠੰਢ ਪੈ ਰਹੀ ਹੈ। ਸੂਬੇ ਦੇ ਘੱਟੋ-ਘੱਟ ਤਾਪਮਾਨ ਤੇ ਵੱਧ ਤੋਂ ਵੱਧ ਤਾਪਮਾਨ ਚ ਪੰਜ ਤੋਂ ਛੇ ਡਿਗਰੀ ਸੈਲਸੀਅਸ ਤਕ ਦੀ ਗਿਰਾਵਟ ਆਈ ਹੈ।

ਬਰਫ਼ਬਾਰੀ ਕਾਰਨ 272 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਉੱਪਰੀ ਸ਼ਿਮਲਾ ਦਾ ਸੰਪਰਕ ਕੱਟ ਗਿਆ ਹੈ। ਸੋਮਵਾਰ ਰਾਤ ਨੂੰ ਹੋਈ ਬਰਫ਼ਬਾਰੀ ਕਾਰਨ ਕੁਫਰੀ ਚ ਕਾਫ਼ੀ ਗਿਣਤੀ ਵਿਚ ਵਾਹਨ ਫਸ ਗਏ। ਪੁਲਿਸ ਨੇ ਦੇਰ ਰਾਤ ਤਕ ਬਚਾਅ ਮੁਹਿੰਮ ਚਲਾ ਕੇ ਲੋਕਾਂ ਨੂੰ ਉੱਥੋਂ ਕੱਢਿਆ। ਸ਼ਿਮਲਾ ਚ ਛੇ ਸੈਂਟੀਮੀਟਰ ਤਕ ਬਰਫ਼ਬਾਰੀ ਦਰਜ ਕੀਤੀ ਗਈ। ਉੱਥੇ ਕੁਫਰੀ ਚ 15 ਸੈਂਟੀਮੀਟਰ ਬਰਫ਼ ਡਿੱਗੀ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ