ਪੋਲਟਰੀ ਫਾਰਮਾਂ ਦੀ ਜਾਂਚ ਲਈ ਟੀਮਾਂ ਬਣਾਈਆਂ

March 30 2019

ਡੀਸੀ ਮੁਕੁਲ ਕੁਮਾਰ ਵੱਲੋਂ ਕੀਤੀ ਗਈ ਸਖ਼ਤੀ ਤੋਂ ਬਾਅਦ ਬਰਵਾਲਾ-ਰਾਇਪੁਰਰਰਾਣੀ ਦੇ ਪੋਲਟਰੀ ਫਾਰਮਾਂ ਵਿਚ ਸੁਧਾਰ ਦਾ ਕੰਮ ਸ਼ੁਰੂ ਹੋ ਗਿਆ ਹੈ। ਬੀਡੀਪੀਓ ਵਿਸ਼ਾਲ ਪ੍ਰਾਸ਼ਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਤਰ ’ਚ ਟੀਮਾਂ ਬਣਾਈਆਂ ਗਈਆਂ ਹਨ ਜਿਸ ਵਿਚ ਵੈਟਰਨਰੀ ਡਾਕਟਰ, ਹੈਲਥ ਅਫ਼ਸਰ ਬੀਡੀਪੀਓ ਤੇ ਪੁਲੀਸ ਅਧਿਕਾਰੀ ਆਦਿ ਸ਼ਾਮਲ ਹਨ। ਅੀਮਾਂ ਦੇ ਮੈਂਬਰ ਇਨ੍ਹਾਂ ਪੋਲਟਰੀ ਫਾਰਮਾਂ ਦੀ ਚੈਕਿੰਗ ਕਰਨਗੇ। ਉਨ੍ਹਾਂ ਦੱਸਿਆ ਕਿ ਜਿਹੜੇ ਪੋਲਟਰੀ ਫਾਰਮਾਂ ਦਾ ਕੰਮ ਠੀਕ ਨਹੀਂ ਹੋਵੇਗਾ, ਉਸ ਦੀ ਰਿਪੋਰਟ ਐੱਸਡੀਐਮ ਪੰਚਕੂਲਾ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੌਂਪੀ ਜਾਵੇਗੀ। ਰਿਪੋਰਟ ਦੇ ਆਧਾਰ ’ਤੇ ਬੇਨਿਯਮੀਆਂ ਕਰਨ ਵਾਲੇ ਪੋਲਟਰੀ ਫਾਰਮਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੋਲਟਰੀ ਫਾਰਮਾਂ ਕਾਰਨ ਇਲਾਕੇ ਵਿੱਚ ਮੱਖੀਆਂ ਦੀ ਸਮੱਸਿਆ ਵਧ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਪੋਲਟਰੀ ਫਾਰਮਾਂ ਵਿਚ ਮੱਖੀਆਂ ਮਾਰਨ ਵਾਲਾ ਸਪਰੇਅ ਕੀਤਾ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਮੱਖੀਆਂ ਕਾਰਨ ਲੋਕਾਂ ਦਾ ਖਾਣਾ-ਪੀਣਾ ਦੁੱਭਰ ਹੋ ਗਿਆ ਸੀ ਕਿਉਂਕਿ ਜਿਹੜਾ ਵੀ ਉਹ ਭੋਜਨ ਖਾਂਦੇ ਹਨ, ਉਸ ਵਿਚ ਮੱਖੀ ਜ਼ਰੂਰੀ ਡਿੱਗਦੀ ਸੀ। ਲੋਕਾਂ ਨੇ ਦੱਸਿਆ ਕਿ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋ ਸਕੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ