ਪਿੰਡ ਕੱਟਿਆਂਵਾਲੀ ਦੇ ਇਸ ਤਰ੍ਹਾਂ ਸੰਭਾਲੀ ਸੇਮ ਮਾਰੀ ਜ਼ਮੀਨ, ਹੋ ਰਹੀ ਹੈ ਬੰਪਰ ਫ਼ਸਲ

October 22 2019

ਪਿੰਡ ਕੱਟਿਆਂਵਾਲੀ ਵਾਲੀ ਦੇ ਕਿਸਾਨ ਸੁਖਦੇਵ ਸਿੰਘ ਨੇ ਆਪਣੀ ਸੇਮ ਮਾਰੀ ਬੰਜਰ ਹੋਈ ਜ਼ਮੀਨ ਚ ਪਰਾਲੀ ਦਬਾ ਕੇ ਆਬਾਦ ਕਰ ਲਿਆ ਹੈ। ਹੁਣ ਉਸੇ ਜ਼ਮੀਨ ਵਿਚੋਂ 80 ਮਣ ਝੋਨਾ ਹੋ ਰਿਹਾ ਹੈ।

ਆਪਣੀ ਸਫ਼ਲਤਾ ਦੀ ਕਹਾਣੀ ਦਸਦਿਆਂ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ 4 ਸਾਲ ਤੋਂ ਖੇਤ ਵਿਚ ਆਰ ਐਠ ਬੀ ਪਲਾਓ ਹਲ ਨਾਲ ਪਰਾਲੀ ਦਬਾ ਰਿਹਾ ਸੀ ਜਿਸ ਤੇ ਨਤੀਜੇ ਵਜੋਂ ਜ਼ਮੀਨ ਵਿਚ ਲਗਾਤਾਰ ਜੈਵਿਕ ਮਾਦਾ ਵੱਧਦਾ ਗਿਆ ਅਤੇ ਅੱਜ ਉਸਦੀ ਸੇਮ ਮਾਰੀ ਜ਼ਮੀਨ ਵਿਚੋਂ ਸ਼ੋਰੇ ਦੀ ਸਮੱਸਿਆ ਘੱਟ ਗਈ ਅਤੇ ਉਪਜ ਵੱਧ ਗਈ ਹੈ। 

ਉਹ ਆਖਦਾ ਹੈ ਕਿ ਜਿੱਥੇ ਸੇਮ ਕਾਰਨ ਜ਼ਮੀਨਾਂ ਵਿਚ ਸ਼ੋਰਾ ਆ ਗਿਆ ਹੈ ਅਤੇ ਉਪਜ ਘੱਟ ਗਈ ਹੈ, ਉਥੇ ਖੇਤਾਂ ਵਿਚ ਪਰਾਲੀ ਮਿਲਾਉਣਾ ਜ਼ਮੀਨ ਲਈ ਇਕ ਉੱਤਮ ਔਸ਼ਧੀ ਹੈ। ਉਸਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਸਦੇ ਖੇਤਾਂ ਦਾ ਝਾੜ ਵਧਿਆ ਹੈ ਅਤੇ ਖਾਦ ਦੀ ਖ਼ਪਤ ਘਟੀ ਹੈ।

80 ਫ਼ੀਸਦੀ ਸਬਸਿਡੀ ਤੇ ਲਏ ਸੰਦ

ਸੁਖਦੇਵ ਸਿੰਘ ਨੇ ਦੱਸਿਆ ਕਿ ਉਸਨੇ ਇਸ ਸਾਲ ਹੋਰ ਕਿਸਾਨਾਂ ਨਾਲ ਮਿਲ ਕੇ ਇਕ ਸਮੂਹ ਬਣਾਇਆ ਹੈ। ਇਸ ਸਮੂਹ ਨੇ ਚੌਪਰ, ਮਲਚਰ, ਐਮਬੀ ਪਲਾਓ, ਜੀਰੋ ਟਿਲੇਜ਼ ਡਿ੍ਲ ਆਦਿ ਸੰਦ ਵਿਭਾਗ ਦੀ 80 ਫੀਸਦੀ ਸਬਸਿਡੀ ਸਕੀਮ ਤਹਿਤ ਲਏ ਹਨ। ਉਸ ਅਨੁਸਾਰ ਇਹ ਸਕੀਮ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ।

ਕੁਝ ਵੀ ਕਰੋ ਪਰ ਅੱਗ ਨਾ ਲਾਓ

ਸੁਖਦੇਵ ਸਿੰਘ ਨੇ ਕਿਹਾ ਕਿ ਅੱਗ ਕਾਰਨ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਹੀ ਨਹੀਂ ਘਟਦੀ ਸਗੋਂ ਇਸ ਨਾਲ ਸਾਡਾ ਵਾਤਾਵਰਨ ਵੀ ਖਰਾਬ ਹੁੰਦਾ ਹੈ, ਮਿੱਤਰ ਕੀੜੇ ਮਰ ਜਾਂਦੇ ਹਨ। ਉਸ ਅਨੁਸਾਰ ਪਰਾਲੀ ਦਾ ਧੂੰਆਂ ਸਾਡੇ ਆਪਣੇ ਲਈ ਵੀ ਬਿਮਾਰੀਆਂ ਦਾ ਕਰਨ ਬਣਦਾ ਹੈ। ਉਸਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨਾ ਸਾੜਨ।

ਚਿੱਟਾ ਸ਼ੋਰਾ ਠੀਕ ਹੁੰਦਾ ਹੈ ਪਰਾਲੀ ਨਾਲ

ਕ੍ਰਿਸ਼ੀ ਵਿਗਿਆਨ ਕੇਂਦਰ ਗੋਣੇਆਨਾ ਦੇ ਵਿਗਿਆਨੀ ਡਾ. ਬਲਕਰਨ ਸਿੰਘ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਚ ਸੇਮ ਕਾਰਨ ਜ਼ਮੀਨਾਂ ਦੀ ਇਲੈਕਟਿ੍ਕ ਕਡੰਕਟੀਵਿਟੀ (ਈਸੀ) ਜ਼ਿਆਦਾ ਹੈ ਜਿਸ ਕਾਰਨ ਜ਼ਮੀਨਾਂ ਵਿਚ ਚਿੱਟਾ ਸ਼ੋਰਾ ਹੈ। ਉਨ੍ਹਾਂ ਅਨੁਸਾਰ ਚਿੱਟੇ ਸ਼ੋਰੇ ਨੂੰ ਠੀਕ ਕਰਨ ਦਾ ਇਕੋ ਇਲਾਜ ਪਰਾਲੀ ਨੂੰ ਖੇਤ ਵਿਚ ਵਾਹੁਣਾ ਹੈ। ਇਸ ਲਈ ਕਿਸਾਨ ਪਰਾਲੀ ਖੇਤ ਵਿਚ ਵਾਹ ਕੇ ਸੇਮ ਕਾਰਨ ਖ਼ਰਾਬ ਹੋਈ ਜ਼ਮੀਨ ਨੂੰ ਉਪਜਾਊ ਬਣਾ ਸਕਦੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ