ਪਿਆਜ਼ ਤੇ ਟਮਾਟਰਾਂ ਪਿੱਛੋਂ ਹੁਣ ਆਲੂ ਵੀ ਹੋ ਸਕਦਾ ਮਹਿੰਗਾ, ਦੱਸਿਆ ਜਾ ਰਿਹੈ ਇਹ ਕਾਰਨ

October 10 2019

ਆਮ ਨਾਲੋਂ ਜ਼ਿਆਦਾ ਬਾਰਿਸ਼ ਤੇ ਮੌਨਸੂਨ ਦੇ ਦੇਰ ਨਾਲ ਮੁੜਨ ਨਾਲ ਆਲੂ ਕਾਸ਼ਤਕਾਰਾਂ ਦੇ ਨਾਲ-ਨਾਲ ਉਪਭੋਗਤਾਵਾਂ ਦੀਆਂ ਮੁਸ਼ਕਿਲਾਂ ਵੀ ਵਧ ਸਕਦੀਆਂ ਹਨ। ਪਿਆਜ਼ ਤੇ ਟਮਾਟਰ ਦੀ ਮਹਿੰਗਾਈ ਤੋਂ ਦੁਖੀ ਉਪਭੋਗਤਾਵਾਂ ਨੂੰ ਹੁਣ ਛੇਤੀ ਹੀ ਆਲੂ ਵੀ ਪਰੇਸ਼ਾਨ ਕਰ ਸਕਦਾ ਹੈ। ਬਾਰਿਸ਼ ਕਾਰਨ ਆਲੂ ਦੀ ਬਿਜਾਈ ਚ ਲਗਪਗ ਇਕ ਮਹੀਨੇ ਦੀ ਦੇਰ ਹੋ ਚੁੱਕੀ ਹੈ। ਇਸ ਨਾਲ ਬਾਜ਼ਾਰ ਵਿਚ ਨਵਾਂ ਆਲੂ ਪੁੱਜਣ ਵਿਚ ਦੇਰ ਤੈਅ ਹੈ। ਇਸ ਕਾਰਨ ਉਤਪਾਦਕ ਬਾਜ਼ਾਰਾਂ ਵਿਚ ਹੀ ਪੁਰਾਣੇ ਆਲੂ ਵਿਚ ਮਹਿੰਗਾਈ ਦਾ ਰੁਖ਼ ਬਣਨ ਲੱਗਾ ਹੈ।

ਉੱਤਰ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਵਰਗੇ ਸੂਬੇ ਆਲੂ ਦੇ ਵੱਡੇ ਉਤਪਾਦਕ ਸੂਬਿਆਂ ਵਿਚ ਸ਼ਾਮਲ ਹਨ। ਪਰ ਇਸ ਵਾਰ ਦੇਸ਼ ਦੇ ਸਾਰੇ ਸੂਬਿਆਂ ਚ ਆਲੂ ਦੀ ਬਿਜਾਈ ਦੇਰ ਨਾਲ ਹੋ ਰਹੀ ਹੈ। ਅਗੇਤੇ ਆਲੂ ਦੀ ਬਿਜਾਈ ਜੋ ਸਤੰਬਰ ਦੇ ਪਹਿਲੇ ਹਫ਼ਤੇ ਹੁੰਦੀ ਰਹੀ ਹੈ ਉਸ ਦੀ ਬਿਜਾਈ ਕਿਤੇ ਅਕਤੂਬਰ ਦੇ ਆਖਰੀ ਹਫ਼ਤੇ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ। ਫਰੂਖਾਬਾਦ ਤੇ ਆਸ-ਪਾਸ ਆਲੂ ਦੀ ਕਾਸ਼ਤ ਵਾਲਾ ਸਭ ਤੋਂ ਵੱਡਾ ਖੇਤਰ ਹੈ। ਇੱਥੋਂ ਦੇ ਆਲੂ ਦੇ ਵੱਡੇ ਕਾਸ਼ਤਕਾਰ ਤੇ ਵਪਾਰੀ ਕੌਸ਼ਲ ਕੁਮਾਰ ਕਟਿਆਰ ਦਾ ਕਹਿਣਾ ਹੈ ਕਿ ਇਸ ਵਾਰ ਬਾਰਿਸ਼ ਕਾਰਨ ਬਿਜਾਈ ਨਹੀਂ ਹੋ ਸਕੀ। ਕੱਚਾ ਆਲੂ (ਅਗੇਤਾ) ਸਿਰਫ਼ 60 ਦਿਨਾਂ ਚ ਪੁਟਾਈ ਲਾਇਕ ਹੋ ਜਾਂਦਾ ਹੈ। ਬਾਜ਼ਾਰ ਦੀ ਲੋੜ ਨੂੰ ਦੇਖ ਕੇ ਕਿਸਾਨ ਇਸ ਤੋਂ ਚੰਗਾ ਪੈਸਾ ਕਮਾ ਲੈਂਦਾ ਹੈ। ਪਰ ਇਸ ਵਾਰ ਬਿਜਾਈ ਹੀ ਦੇਰ ਨਾਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਬਾਜ਼ਾਰ ਦੇ ਖਿਡਾਰੀ ਸਰਗਰਮ ਹੋ ਗਏ ਹਨ। ਬਾਜ਼ਾਰ ਵਿਚ ਆਲੂ ਦਾ ਮੁੱਲ 100 ਤੋਂ 150 ਰੁਪਏ ਪ੍ਰਤੀ ਪੈਕੇਟ (50 ਕਿਲੋ) ਵਧਾ ਕੇ ਲਾਇਆ ਜਾ ਰਿਹਾ ਹੈ। ਉਤਪਾਦਕ ਮੰਡੀਆਂ ਚ ਆਲੂ 300 ਤੋਂ 450 ਰੁਪਏ ਪ੍ਰਤੀ ਪੈਕੇਟ ਵਿਕ ਰਿਹਾ ਹੈ ਜੋ ਦਿੱਲੀ ਪੁੱਜ ਕੇ 25 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਆਲੂ ਮਾਹਿਰ ਤੇ ਕਾਰੋਬਾਰ ਤੇ ਨਜ਼ਰ ਰੱਖਣ ਵਾਲੇ ਸੁਸ਼ੀਲ ਕਟਿਆਰ ਦਾ ਕਹਿਣਾ ਹੈ ਕਿ ਇਸ ਵਾਰ ਆਲੂ 15 ਦਸੰਬਰ ਤੋਂ ਪਹਿਲਾਂ ਨਹੀਂ ਆ ਸਕੇਗਾ। ਹਾਲਾਂਕਿ ਪੰਜਾਬ ਤੋਂ ਥੋੜ੍ਹਾ ਬਹੁਤਾ ਨਵਾਂ ਆਲੂ 15 ਨਵੰਬਰ ਤਕ ਬਾਜ਼ਾਰ ਵਿਚ ਆ ਸਕਦਾ ਹੈ ਪਰ ਇਸ ਵਾਰ ਉੱਥੇ ਵੀ ਅਗੇਤੇ ਆਲੂ ਦਾ ਰਕਬਾ ਬਹੁਤ ਘੱਟ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਲਡ ਸਟੋਰ ਚ ਫਿਲਹਾਲ ਪਿਛਲੇ ਸਾਲ ਦੇ ਕੁਲ ਉਤਪਾਦਨ ਦਾ 35 ਫ਼ੀਸਦੀ ਆਲੂ ਹੈ। ਇਸ ਵਿਚ 20 ਫ਼ੀਸਦੀ ਤੋਂ ਜ਼ਿਆਦਾ ਆਲੂ ਬਿਜਾਈ ਲਈ ਬੀਜ ਦੇ ਰੂਪ ਵਿਚ ਚਲੇ ਜਾਵੇਗਾ। ਜਦਕਿ ਅਗਲੇ 60-70 ਦਿਨਾਂ ਲਈ ਆਲੂ ਦੀ ਲੋੜ ਨੂੰ ਪੂਰਾ ਕਰਨ ਚ ਥੋੜ੍ਹੀ ਮੁਸ਼ਕਿਲ ਆ ਸਕਦੀ ਹੈ। ਪੁਰਾਣੇ ਆਲੂ ਦੇ ਨਾਲ-ਨਾਲ ਬਾਜ਼ਾਰ ਵਿਚ ਉਤਰਨ ਵਾਲੇ ਨਵੇਂ ਆਲੂ ਦੇ ਭਾਅ ਵੀ ਚੜ੍ਹ ਸਕਦੇ ਹਨ।

ਖੇਤੀ ਮੰਤਰਾਲੇ ਦੇ ਹਾਰਟੀਕਲਚਰ ਫ਼ਸਲਾਂ ਦੇ ਤੀਜੇ ਪੇਸ਼ਗੀ ਅਨੁਮਾਨ ਮੁਤਾਬਰ ਸਾਲ 2018-19 ਦੌਰਾਨ ਆਲੂ ਦੀ ਕੁੱਲ ਪੈਦਾਵਾਰ 5.30 ਕਰੋੜ ਟਨ ਸੀ। ਕੋਲਡ ਸਟੋਰ ਤੋਂ ਨਿਕਾਸੀ ਅੰਕੜਿਆਂ ਮੁਤਾਬਕ ਮਈ ਚ ਸਾਢੇ ਛੇ ਫ਼ੀਸਦੀ, ਜੂਨ ਵਿਚ 9.5 ਫ਼ੀਸਦੀ, ਜੁਲਾਈ ਵਿਚ 13.5 ਫ਼ੀਸਦੀ ਤੇ ਅਗਸਤ ਚ 16 ਪੀਸਦੀ ਆਲੂ ਦੀ ਨਿਕਾਸੀ ਹੋਈ ਹੈ ਜਦਕਿ ਅਕਤੂਬਰ ਚ ਹੁਣ ਤਕ 15 ਫ਼ੀਸਦੀ ਆਲੂ ਕੋਲਡ ਸਟੋਰ ਵਿਚੋਂ ਕੱਢਿਆ ਜਾ ਚੁੱਕਾ ਹੈ। ਇਸ ਬਚੇ ਆਲੂ ਦੇ ਸਟਾਕ ਨਾਲ ਬਿਜਾਈ ਲਈ ਬੀਜ ਦੇ ਰੂਪ ਵਿਚ ਬਹੁਤ ਜ਼ਿਆਦਾ ਆਲੂ ਦੀ ਖਪਤ ਹੁੰਦੀ ਹੈ। ਕੋਲਡ ਸਟੋਰ ਚ ਪਏ ਬਾਕੀ ਆਲੂ ਦੀ ਮਾਤਰਾ ਤੇ ਘਰੇਲੂ ਮੰਗ ਚ ਅੰਤਰ ਵਧ ਸਕਦਾ ਹੈ। ਇਸੇ ਨੂੰ ਦੇਖਦਿਆਂ ਬਾਜ਼ਾਰ ਵਿਚ ਆਲੂ ਆਪਣਾ ਰੰਗ ਦਿਖਾ ਸਕਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ